ਰਿਵਰਸ ਫਲਿੱਕ @ ਨਵਦੀਪ ਸਿੰਘ ਗਿੱਲ (97800-36216)
ਭੁਬਨੇਸ਼ਵਰ , 5 ਦਸੰਬਰ 2018 - ਹਾਕੀ ਵਿਸ਼ਵ ਕੱਪ ਦੇ ਗਰੁੱਪ ‘ਡੀ’ ਨੂੰ ਸਭ ਤੋਂ ਔਖਾ ਕਿਹਾ ਜਾ ਰਿਹਾ ਸੀ ਅਤੇ ਅੱਜ ਹੋਏ ਮੈਚਾਂ ਬਾਅਦ ਇਹ ਸੱਚਮੁੱਚ ‘ਗਰੁੱਪ ਆਫ ਡੈਥ’ ਸਾਬਤ ਹੋ ਗਿਆ। ਪਹਿਲੇ ਮੈਚ ਵਿੱਚ ਮਲੇਸ਼ੀਆ ਨੂੰ ਬੁਰੀ ਤਰ੍ਹਾਂ ਹਰਾ ਕੇ ਜੇਤੂ ਰੱਥ ਉਤੇ ਸਵਾਰ ਹੋਈ ਡੱਚ ਟੀਮ ਨੂੰ ਜਰਮਨਾਂ ਨੇ 4-1 ਨਾਲ ਹਰਾ ਕੇ ਰੱਥ ਉੱਤੋਂ ਲਾਹ ਦਿੱਤਾ।ਹਾਲੈਂਡ ਨੂੰ ਵੱਡਾ ਝਟਕਾ ਇਕੱਲੀ ਹਾਰ ਤੋਂ ਨਹੀਂ ਲੱਗਿਆ ਸਗੋਂ ਗੋਲਾਂ ਦਾ ਅੰਤਰ ਵੀ ਉਨ੍ਹਾਂ ਦੇ ਹਜ਼ਮ ਹੋਣ ਵਾਲਾ ਨਹੀਂ।ਦੂਜੇ ਪਾਸੇ ਕਰੋ ਜਾਂ ਮਰੋ ਵਾਲੇ ਮੈਚ ਵਿੱਚ ਪਾਕਿਸਤਾਨ ਤੇ ਮਲੇਸ਼ੀਆ ਵਿਚਾਲੇ ਮੈਚ 1-1 ਨਾਲ ਡਰਾਅ ਰਿਹਾ। ਦੋਵੇਂ ਟੀਮਾਂ ਨੇ ਆਪਣੇ ਆਪ ਨੂੰ ਬਾਹਰ ਹੋਣ ਤੋਂ ਬਚਾ ਲਿਆ।
ਦਿਨ ਦੇ ਪਹਿਲੇ ਮੈਚ ਵਿੱਚ ਹਾਲੈਂਡ ਨੇ ਪਹਿਲੇ ਹੀ ਕੁਆਰਟਰ ਵਿੱਚ ਲੀਡ ਹਾਸਲ ਕਰ ਲਈ ਜਦੋਂ ਵੇਲਨਟਾਈਨ ਵੇਰਗਾ ਨੇ 13ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ। ਦੂਜੇ ਕੁਆਰਟਰ ਵਿੱਚ ਸਕੋਰ ਉਸ ਵੇਲੇ ਬਰਾਬਰ ਹੋ ਗਿਆ ਜਦੋਂ ਜਰਮਨੀ ਦੇ ਮੈਥਿਅਸ ਮੂਲਰ ਨੇ ਪੈਨਲਟੀ ਕਾਰਨਰ ਉੱਪਰ ਗੋਲ ਕੀਤਾ। ਤੀਜੇ ਕੁਆਰਟਰ ਵਿੱਚ ਦੋਵੇਂ ਟੀਮਾਂ ਨੇ ਗੋਲ ਕਰਨ ਲਈ ਜ਼ੋਰ ਬਹੁਤ ਲਾਇਆ ਪਰ ਕਿਸੇ ਦੀਆਂ ਵੀ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ। ਚੌਥੇ ਕੁਆਰਟਰ ਵਿੱਚ ਤਾਂ ਜਰਮਨਾਂ ਦੇ ਹੱਲਿਆਂ ਨੇ ਡੱਚਾਂ ਦੀ ਬੱਸ ਕਰਵਾ ਦਿੱਤੀ ਅਤੇ ਸੱਤ ਮਿੰਟਾਂ ਦੇ ਵਕਫ਼ੇ ਅੰਦਰ ਤਿੰਨ ਗੋਲ ਕਰ ਦਿੱਤੇ। ਲੁਕਾਈ ਵਿੰਡਫੀਡਰ ਨੇ 52ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਉੱਪਰ, ਮਾਰਕੋ ਮਿਲਕਾਓ ਨੇ 54ਵੇਂ ਮਿੰਟ ਵਿੱਚ ਫੀਲਡ ਗੋਲ ਅਤੇ ਕ੍ਰਿਸਟੋਫਰ ਨੇ 58ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਸੁਪਰ ਗੋਲ ਕੀਤਾ। ਜਰਮਨੀ ਨੇ 4-1 ਨਾਲ ਜਿੱਤ ਹਾਸਲ ਕਰ ਕੇ ਦੂਜੀ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ ਵਿੱਚ ਲੱਗਭੱਗ ਸਿੱਧਾ ਦਾਖਲਾ ਪੱਕਾ ਕਰ ਲਿਆ।
ਦਿਨ ਦੇ ਦੂਜੇ ਮੈਚ ਵਿੱਚ ਦੋਵੇਂ ਏਸ਼ੀਅਨ ਟੀਮਾਂ ਪਾਕਿਸਤਾਨ ਤੇ ਮਲੇਸ਼ੀਆ ਕਰੋ ਜਾਂ ਮਰੋ ਵਾਲੇ ਮੁਕਾਬਲੇ ਵਾਂਗ ਖੇਡੀਆਂ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਰਹੇ। ਮਲੇਸ਼ੀਅਨਾਂ ਨੇ ਮੂਵ ਬਹੁਤ ਬਣਾਏ ਪਰ ਪਾਕਿਸਤਾਨ ਦਾ ਗੋਲ ਕੀਪਰ ਇਮਰਾਨ ਬੱਟ ਵਿਰੋਧੀ ਟੀਮ ਲਈ ਚੀਨ ਦੀ ਦੀਵਾਰ ਬਣਿਆ ਰਿਹਾ। ਪਾਕਿਸਤਾਨ ਬੈਂਚ ਵਾਲੇ ਪਾਸੇ ਖੜ੍ਹੇ ਮਹਾਨ ਖਿਡਾਰੀ ਰਹੇ ਮੌਜੂਦਾ ਕੋਚ ਰੇਹਾਨ ਬੱਟ ਤੇ ਮੈਨੇਜਰ ਹਸਨ ਸਰਦਾਰ ਆਪਣੇ ਖਿਡਾਰੀਆਂ ਦੇ ਹਰ ਮੂਵ ਉੱਪਰ ਬਹੁਤ ਉਤਾਵਲੇ ਹੁੰਦੇ ਦੇਖੇ ਗਏ। ਚੌਥੇ ਕੁਆਰਟਰ ਵਿੱਚ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਮੁਹੰਮਦ ਅਤੀਕ ਨੇ 51ਵੇਂ ਮਿੰਟ ਵਿੱਚ ਮਿਲੇ ਕਰਾਸ ਪਾਸ ਉਪਰ ਫੀਲਡ ਗੋਲ ਕੀਤਾ। ਪਾਕਿਸਤਾਨ ਦੀਆਂ ਖੁਸ਼ੀਆਂ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹੀਆਂ ਅਤੇ ਮਲੇਸ਼ੀਆ ਨੇ ਚਾਰ ਮਿੰਟਾਂ ਬਾਅਦ 55ਵੇਂ ਮਿੰਟ ਵਿੱਚ ਫ਼ੈਜ਼ਲ ਸਾਰੀ ਦੀ ਦਨਦਨਾਉਂਦੀ ਪਾਵਰਫੁੱਲ ਡਰੈਗ ਫਲਿੱਕ ਨਾਲ ਪੈਨਲਟੀ ਕਾਰਨਰ ਉਪਰ ਗੋਲ ਕਰ ਕੇ ਬਰਾਬਰੀ ਕਰ ਲਈ। ਇਸ ਤੋਂ ਬਾਅਦ ਕੋਈ ਵੀ ਟੀਮ ਗੋਲ ਕਰਨ ਵਿੱਚ ਸਫਲ ਨਹੀਂ ਰਹੀ ਅਤੇ ਮੈਚ 1-1 ਨਾਲ ਡਰਾਅ ਰਿਹਾ।
ਅੱਜ ਦੇ ਮੈਚਾਂ ਤੋਂ ਬਾਅਦ ਹਰ ਟੀਮ ਦੇ ਦੋ-ਦੋ ਲੀਗ ਮੈਚ ਪੂਰੇ ਹੋ ਗਏ। 6 ਦਸੰਬਰ ਤੋਂ ਟੀਮਾਂ ਦੇ ਤੀਜੇ ਤੇ ਆਖਰੀ ਲੀਗ ਮੈਚਾਂ ਦੀ ਸ਼ੁਰੂਆਤ ਹੋਵੇਗੀ। ਇਸ ਦੇ ਨਾਲ ਹੀ ਬਾਹਰ ਹੋਣ ਵਾਲੀ ਟੀਮ, ਕੁਆਰਟਰ ਫ਼ਾਈਨਲ ਵਿੱਚ ਸਿੱਧੇ ਦਾਖਲੇ ਅਤੇ ਕਰਾਸ ਓਵਰ ਖੇਡਣ ਵਾਲੀਆਂ ਟੀਮਾਂ ਦਾ ਫੈਸਲਾ ਹੋਵੇਗਾ। 6 ਦਸੰਬਰ ਨੂੰ ਪੂਲ ਏ ਦੇ ਦੋ ਮੈਚ ਖੇਡੇ ਜਾਣਗੇ ਜਿੱਥੇ ਸਪੇਨ ਤੇ ਨਿਊਜ਼ੀਲੈਂਡ ਅਤੇ ਅਰਜਨਟੀਨਾ ਤੇ ਫਰਾਂਸ ਦੀ ਟੱਕਰ ਹੋਵੇਗੀ।