ਨਵੀਂ ਦਿੱਲੀ, 6 ਦਸੰਬਰ 2018 - ਲੰਘੇ ਬੁੱਧਵਾਰ ਗੁਜਰਾਤ ਵਿੱਚ ਅਹਿਮਦਾਬਾਦ ਆਧਾਰਤ ਇਕ ਕਾਰਡੋਲਾਜਿਸਟ ਦੁਆਰਾ ਭਾਰਤ 'ਚ ਦੁਨੀਆ ਦੀ ਪਹਿਲੀ ਸਫਲਤਾਪੂਰਵਕ ਟੈਲੀਰੋਬੋਟਿਕ ਸਰਜਰੀ ਕੀਤੀ ਗਈ। ਟੈਲੀਰੋਬੋਟਿਕ ਕੋਰੋਨਰੀ ਇੰਟਰਵੈਂਸ਼ਨ ਸਰਜਰੀ ਕਰਾਉਣ ਦਾ ਇੱਕ ਰੋਬੋਟਿਕ ਢੰਗ ਹੈ। ਜਿਸ 'ਚ ਇੰਟਰਨੈਟ ਅਤੇ ਰੋਬੋਟ ਟਾਵਰ ਦੀ ਮਦਦ ਨਾਲ, ਇੱਕ ਸਰਜਨ ਦੂਰ ਬੈਠਿਆਂ ਵੀ ਮਰੀਜ਼ਾਂ ਦਾ ਇਲਾਜ ਕਰ ਸਕਦਾ ਹੈ।
ਅਹਿਮਦਾਬਾਦ ਆਧਾਰਤ ਕਾਰਡੀਆਲੋਜਿਸਟ ਡਾ. ਤੇਜਲ ਪਟੇਲ ਨੇ ਇੱਕ ਅੱਧਖੜ੍ਹ ਉਮਰ ਦੀ ਔਰਤ 'ਤੇ ਪਹਿਲੀ ਵਾਰ ਟੇਲੀਰੋਬੋਟਿਕ ਸਰਜਰੀ ਨੂੰ ਅੰਜਾਮ ਦਿੱਤਾ ਜੋ ਕਿ ਬਿਲਕੁਲ ਸਫਲ ਰਿਹਾ। ਡਾ. ਤੇਜਲ ਨੇ ਆਪ੍ਰੇਸ਼ਨ ਥੀਏਟਰ ਤੋਂ 32 ਕਿ.ਮੀ. ਦੂਰ ਬੈਠ ਕੇ ਰੋਬੋਟਿਕ ਤਰੀਕੇ ਨਾਲ ਨਿਯੰਤਰਿਤ ਸਾਜ਼ੋ-ਸਾਮਾਨ ਦੁਆਰਾ ਇਸ ਸਰਜਰੀ ਨੂੰ ਸਫਲਤਾਪੂਰਵਕ ਨੇੋਰੇ ਚਾੜ੍ਹਿਆ। ਡਾ. ਪਟੇਲ ਨੇ ਗਾਂਧੀਨਗਰ ਦੇ ਅਕਸ਼ਰਧਮ ਮੰਦਿਰ ਕੰਪਲੈਕਸ ਤੋਂ ਸਫਲਤਾਪੂਰਵਕ ਸਰਜਰੀ ਕੀਤੀ, ਜਦੋਂ ਕਿ ਮਰੀਜ਼ ਅਹਿਮਦਾਬਾਦ ਵਿੱਚ ਏਪਕਸ ਹਰਟ ਇੰਸਟੀਚਿਊਟ ਦੇ ਓਪਰੇਸ਼ਨ ਥੀਏਟਰ ਵਿੱਚ ਸੀ।
ਡਾ: ਪਟੇਲ ਨੇ ਇਸ ਸਰਜਰੀ ਨੂੰ ਜੀੳ ਇੰਟਰਨੈਟ ਦੀ 100 ਐੱਮ,ਬੀ.ਪੀ.ਐਸ ਸਪੀਡ ਦੀ ਮਦਦ ਨਾਲ 15 ਮਿੰਟਾਂ 'ਚ ਕੀਤਾ। ਰੋਬੋਟ ਸਿਸਟਮ ਆਪਰੇਸ਼ਨ ਥੀਏਟਰ ਵਿਚ ਰੱਖੀ ਗਏ ਸਨ ਅਤੇ ਡਾ. ਪਟੇਲ ਹਾਈ ਸਪੀਡ ਵਾਇਰਲੈੱਸ ਇੰਟਰਨੈੱਟ ਰਾਹੀਂ ਇਸ ਨਾਲ ਜੁੜੇ ਰਹੇ। ਉਹਨਾਂ ਮੰਦਰ ਵਿੱਚੋਂ ਕੰਪਿਊਟਰ ਦੀ ਮਦਦ ਨਾਲ ਮਰੀਜ਼ ਦੀਆਂ ਅੰਤੜੀਆਂ ਨੂੰ ਸਾਫ ਕੀਤਾ ਅਤੇ ਉਹਨਾਂ 'ਚ ਇਕ ਸਟੰਟ ਪਲਾਂਟ ਕੀਤਾ। ਇਹ ਅਪਰੇਸ਼ਨ ਅਕਸ਼ਰਧਾਮ ਮੰਦਿਰ ਦੀ ਸਕਰੀਨ ਉੱਤੇ ਦਿਖਾਈ ਗਈ ਸੀ, ਜਿੱਥੇ ਗੁਜਰਾਤ ਦੇ ਮੁੱਖ ਮੰਤਰੀ ਵਿਜਤ ਰੁਪਾਨੀ ਵੀ ਮੌਜੂਦ ਸਨ।