ਰਿਵਰਸ ਫਲਿੱਕ@ ਨਵਦੀਪ ਸਿੰਘ ਗਿੱਲ (97800-36216)
ਅੱਜ ਪੂਲ ਡੀ ਦੇ ਦੋ ਮੈਚਾਂ ਦੇ ਖੇਡੇ ਜਾਣ ਉਪਰੰਤ ਹਾਕੀ ਵਿਸ਼ਵ ਕੱਪ ਦੇ ਲੀਗ ਮੈਚਾਂ ਦਾ ਨਿਬੇੜਾ ਹੋ ਗਿਆ ਅਤੇ ਹੁਣ 10 ਦਸੰਬਰ ਤੋਂ ਨਾਕ ਆਊਟ ਸਟੇਜ ਦਾ ਮੈਚ ਸ਼ੁਰੂ ਹੋਣਗੇ। ਦਿੱਗਜ਼ ਟੀਮਾਂ ਕੁਆਰਟਰ ਫ਼ਾਈਨਲ ਵਿੱਚ ਪਹੁੱਚ ਗਈਆਂ ਜਦੋਂ ਕਿ ਹਰ ਪੂਲ ਵਿੱਚ ਦੂਜੇ ਤੇ ਤੀਜੇ ਨੰਬਰ ਉਪਰ ਰਹੀਆਂ ਟੀਮਾਂ ਆਖਰੀ ਅੱਠਾਂ ਵਿੱਚ ਦਾਖਲੇ ਲਈ ਪੂਰੀ ਵਾਹ ਲਾਉਣਗੀਆਂ।
ਗਰੁੱਪ ਆਫ ਡੈਥ ਡੀ ਦੇ ਅੱਜ ਖੇਡੇ ਗਏ ਪਹਿਲੇ ਮੈਚ ਵਿੱਚ ਜਰਮਨੀ ਨੇ ਮਲੇਸ਼ੀਆ ਨੂੰ 5-3 ਨਾਲ ਹਰਾ ਕੇ ਜਿੱਥੇ ਪੂਲ ਵਿੱਚ ਟਾਪ ਕਰਦਿਆਂ ਕੁਆਰਟਰ ਫ਼ਾਈਨਲ ਵਿੱਚ ਸਿੱਧਾ ਦਾਖਲਾ ਪਾਇਆ ਉਥੇ ਮਲੇਸ਼ੀਆ ਮਾੜੀ ਗੋਲ ਔਸਤ ਕਾਰਨ ਫਾਡੀ ਰਹਿੰਦੀ ਹੋਈ ਬਾਹਰ ਹੋ ਗਈ।ਹਾਲੈਂਡ ਨੇ ਪਾਕਿਸਤਾਨ ਨੂੰ 5-1 ਨਾਲ ਹਰਾਇਆ। ਜਰਮਨੀ ਦੇ ਤਿੰਨ ਮੈਚਾਂ ਵਿੱਚੋਂ 9 ਅੰਕ, ਹਾਲੈਂਡ ਦੇ 6 ਅਤੇ ਪਾਕਿਸਤਾਨ ਤੇ ਮਲੇਸ਼ੀਆ ਦੇ 1-1 ਅੰਕ ਸਨ। ਪਾਕਿਸਤਾਨ ਦੀ ਟੀਮ ਮਲੇਸ਼ੀਆ ਨਾਲ਼ੋਂ ਬਿਹਤਰ ਗੋਲ ਔਸਤ ਸਦਕਾ ਕਰਾਸ ਓਵਰ ਖੇਡਣ ਦੇ ਕਾਬਲ ਬਣੀ।
ਜਰਮਨੀ ਨੇ ਮਲੇਸ਼ੀਆ ਵਿਰੁੱਧ ਸ਼ੁਰੂਆਤ ਵਿੱਚ ਹੀ ਤਾਬੜਤੋੜ ਹਮਲੇ ਕਰਦਿਆਂ ਪਹਿਲੇ 18 ਮਿੰਟਾਂ ਵਿੱਚ ਤਿੰਨ ਗੋਲ ਦਾਗ ਦਿੱਤੇ। ਇਸ ਤੋਂ ਬਾਅਦ ਮਲੇਸ਼ੀਆ ਦੇ ਅਟੈਕ ਨੇ ਥੋੜੀ ਤੇਜ਼ੀ ਫੜੀ ਅਤੇ ਅੱਧੇ ਸਮੇਂ ਤੋਂ ਪਹਿਲਾ ਦੋ ਗੋਲ ਕਰ ਕੇ ਲੀਡ ਘਟਾ ਕੇ 2-3 ਕੀਤੀ। ਤੀਜੇ ਕੁਆਰਟਰ ਵਿੱਚ ਜਰਮਨੀ ਨੇ ਚੌਥਾ ਤੇ ਫੇਰ ਮਲੇਸ਼ੀਆ ਨੇ ਆਪਣਾ ਤੀਜਾ ਗੋਲ ਕੀਤਾ। ਆਖਰੀ ਪਲਾਂ ਵਿੱਚ ਕੀਤੇ ਗੋਲ ਸਦਕਾ ਜਰਮਨੀ ਨੇ 5-3 ਨਾਲ ਜਿੱਤ ਦਰਜ ਕਰ ਲਈ।ਜਰਮਨੀ ਵੱਲੋਂ ਹਰਜ਼ਬਰੱਚ ਤੇ ਮਲੇਸ਼ੀਆ ਵੱਲੋਂ ਰੈਜ਼ੀ ਨੇ ਦੋ-ਦੋ ਗੋਲ ਕੀਤੇ।
ਦਿਨ ਦੇ ਆਖਰੀ ਤੇ ਵਿਸ਼ਵ ਕੱਪ ਦੇ ਲੀਗ ਸਟੇਜ ਦੇ ਆਖਰੀ ਮੈਚ ਵਿੱਚ ਪਾਕਿਸਤਾਨ ਨੂੰ ਹਾਲੈਂਡ ਨੇ 5-1 ਨਾਲ ਹਰਾ ਕੇ ਪੂਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਪਹਿਲੇ ਕੁਆਰਟਰ ਵਿੱਚ ਸਕੋਰ 1-1 ਨਾਲ ਬਰਾਬਰ ਰਿਹਾ। ਹਾਲੈਂਡ ਦੇ ਥਿਏਰੀ ਬਰਿੰਕਮੈਨ ਨੇ 7ਵੇਂ ਤੇ ਪਾਕਿਸਤਾਨ ਦੇ ਉਮਰ ਭੁੱਟਾ ਨੇ 9ਵੇਂ ਮਿੰਟ ਵਿੱਚ ਗੋਲ ਕੀਤਾ। ਹਾਲੈਂਡ ਨੇ 27ਵੇਂ ਮਿੰਟ ਵਿੱਚ ਵੇਲਨਟੀਨ ਵਰਜਾ ਅਤੇ 37ਵੇਂ ਮਿੰਟ ਵਿੱਚ ਬੌਬ ਡੀ ਵੋਗਡ ਦੇ ਗੋਲ ਸਦਕਾ ਤੀਜੇ ਕੁਆਰਟਰ ਤੱਕ ਲੀਡ 3-1 ਕਰ ਲਈ। ਚੌਥੇ ਕੁਆਰਟਰ ਦੇ ਸ਼ੁਰੂ ਹੁੰਦਿਆਂ ਹੀ ਜੌਰਿਟ ਕਰੂਨ ਨੇ ਹਾਲੈਂਡ ਲਈ ਚੌਥਾ ਗੋਲ ਕੀਤਾ। ਮੈਚ ਖਤਮ ਹੋਣ ਤੋਂ ਇਕ ਮਿੰਟ ਪਹਿਲਾ ਵੀਰਡਨ ਨੇ ਡਰੈਗ ਫਲਿੱਕ ਜੜਦਿਆਂ ਹਾਲੈਂਡ ਦੀ 5-1 ਨਾਲ ਜਿੱਤ ਪੱਕੀ ਕਰ ਦਿੱਤੀ।
ਕਰਾਸ ਓਵਰ ਵਿੱਚ 10 ਦਸੰਬਰ ਨੂੰ ਇੰਗਲੈਂਡ ਤੇ ਨਿਊਜ਼ੀਲੈਂਡ ਅਤੇ ਫਰਾਂਸ ਤੇ ਚੀਨ ਅਤੇ 11 ਦਸੰਬਰ ਨੂੰ ਬੈਲਜੀਅਮ ਤੇ ਪਾਕਿਸਤਾਨ ਅਤੇ ਹਾਲੈਂਡ ਤੇ ਕੈਨੇਡਾ ਦਾ ਮੈਚ ਹੋਵੇਗਾ ਜਿਨ੍ਹਾਂ ਦੀ ਜੇਤੂ ਟੀਮ ਕੁਆਰਟਰ ਫ਼ਾਈਨਲ ਵਿੱਚ ਕ੍ਰਮਵਾਰ ਅਰਜਨਟੀਨਾ, ਆਸਟਰੇਲੀਆ, ਜਰਮਨੀ ਤੇ ਭਾਰਤ ਨਾਲ ਖੇਡੇਗੀ।