ਜਗਰੂਪ ਸਿੰਘ ਜਰਖੜ
ਲੁਧਿਆਣਾ, 14 ਦਸੰਬਰ 2018 - ਵਿਸ਼ਵ ਕੱਪ ਹਾਕੀ 2018 'ਚ ਆਖ਼ਰ 4 ਟੀਮਾਂ ਦਾ ਸੈਮੀਫਾਈਨਲ ਵਿਚ ਖੇਡਣਾ ਤੈਅ ਹੋ ਗਿਆ ਹੈ। ਪਹਿਲੇ ਸੈਮੀਫਾਈਨਲ 'ਚ ਬੈਲਜੀਅਮ ਇੰਗਲੈਂਡ ਨਾਲ ਭਿੜੇਗੀ। ਦੂਜੇ ਸੈਮੀਫਾਈਨਲ 'ਚ 2 ਸਾਬਕਾ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਅਤੇ ਹਾਲੈਂਡ ਭਿੜਨਗੇ। ਸੈਮੀਫਾਈਨਲ ਮੈਚਾਂ 'ਚ 3 ਟੀਮਾਂ ਯੂਰਪੀਅਨ ਮਹਾਂਦੀਪ ਦੀਆਂ ਹਨ ਤੇ ਇਹ ਟੀਮ ਓਸਨੀਆ ਮਹਾਂਦੀਪ ਦੀ ਹੈ। ਜਦਕਿ ਏਸ਼ੀਅਨ ਮਹਾਂਦੀਪ ਵੱਲੋਂ ਭਾਰਤ ਅਤੇ ਅਮਰੀਕਨ ਮਹਾਂਦੀਪ ਵੱਲੋਂ ਅਰਜਨਟੀਨਾ ਦੀ ਚੁਣੌਤੀ ਕੁਆਟਰਫਾਈਨਲ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਹੁਣ ਤੱਕ ਵਿਸ਼ਵ ਕੱਪ ਹਾਕੀ 'ਚ ਯੂਰਪੀਅਨ ਅਤੇ ਏਸ਼ੀਅਨ ਮਹਾਂਦੀਪ ਨੇ 5-5 ਵਾਰ ਅਤੇ ਓਸੀਅਨ ਮਹਾਂਦੀਪ ਨੇ 3 ਵਾਰ ਵਿਸ਼ਵ ਕੱਪ ਹਾਕੀ 'ਤੇ ਕਬਜ਼ਾ ਕੀਤਾ ਹੈ। ਇਹ 16 ਦਸੰਬਰ ਦੀ ਰਾਤ ਦੱਸੇਗੀ ਕਿ ਯੂਰਪੀਅਨ ਮਹਾਂਦੀਪ ਨਵਾਂ ਕੀਰਤੀਮਾਨ ਸਥਾਪਤ ਕਰਦਾ ਹੈ ਜਾਂ ਫਿਰ ਆਸਟ੍ਰੇਲੀਆ ਸਭ ਤੋਂ ਵੱਧ ਵਾਰ ਪਾਕਿਸਤਾਨ ਦੇ ਜਿੱਤਾਂ ਦੇ ਰਿਕਾਰਡ ਦੀ ਬਰਾਬਰੀ ਕਾਇਮ ਕਰਦਾ ਹੈ।
ਜਿੱਥੋਂ ਤੱਕ ਪਹਿਲੇ ਸੈਮੀਫਾਈਨਲ ਮੁਕਾਬਲੇ ਦਾ ਸਵਾਲ ਹੈ, ਉਸ 'ਚ ਭਾਵੇਂ ਬੈਲਜੀਅਮ ਦਾ ਪੱਲੜਾ ਥੋੜ੍ਹਾ ਭਾਰੂ ਦਿਸ ਰਿਹਾ ਹੈ। ਪਰ ਜਿਸ ਹਿਸਾਬ ਨਾਲ ਇੰਗਲੈਂਡ ਦੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਅਤੇ ਨਿਊਜ਼ੀਲੈਂਡ ਨੂੰ ਨਾਕ ਆਊਟ ਦੌਰ 'ਚ ਹਰਾਇਆ ਹੈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਇੰਗਲੈਂਡ 1986 ਲੰਡਨ ਵਰਲਡ ਕੱਪ ਹਾਕੀ ਦਾ ਇਤਿਹਾਸ ਦੁਹਰਾ ਸਕਦਾ ਹੈ। ਕਿਉਂਕਿ ਇੰਗਲੈਂਡ ਦੀ ਟੀਮ ਨੇ ਹੁਣ ਤੱਕ ਇੱਕੋ ਵਾਰ ਫਾਈਨਲ ਮੁਕਾਬਲਾ ਖੇਡਿਆ ਹੈ, ਜਿਸ 'ਚ ਉਹ ਉਪਜੇਤੂ ਰਿਹਾ ਸੀ। ਜਦਕਿ ਬੈਲਜੀਅਮ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਹਾਕੀ ਦੇ ਸੈਮੀਫਾਈਨਲ 'ਚ ਪੁੱਜੀ ਹੈ। ਹਾਲਾਂਕਿ 2 ਸਾਲ ਪਹਿਲਾਂ ਉਸਨੇ ਬ੍ਰਾਜ਼ੀਲ ਓਲੰਪਿਕ 2016 ਦਾ ਫਾਈਨਲ ਮੁਕਾਬਲਾ ਜਰੂਰ ਖੇਡੀਆ ਸੀ, ਜਿਸ 'ਚ ਉਹ ਅਰਜਨਟੀਨਾ ਹੱਥੋਂ ਮਾਰ ਖਾ ਗਏ ਸਨ। ਜੇਕਰ ਬੈਲਜੀਅਮ ਇਹ ਮੁਕਾਬਲਾ ਜਿੱਤਦਾ ਹੈ ਤਾਂ ਉਸ ਦਾ ਸੁਨਹਿਰੀ ਇਤਿਹਾਸ ਦੇ ਪੰਨਿਆਂ 'ਤੇ ਨਾਮ ਲਿਖਿਆ ਜਾਵੇਗਾ। ਜੇਕਰ ਜੇਤੂ ਬਾਜ਼ੀ ਇੰਗਲੈਂਡ ਦੇ ਹੱਥ ਆਉਂਦੀ ਹੈ ਤਾਂ ਉਹ ਵੀ ਕਿਸੇ ਕੀਰਤੀਮਾਨ ਨਾਲੋਂ ਘੱਟ ਨਹੀਂ ਹੋਵੇਗੀ। ਇੰਗਲੈਂਡ ਨੇ ਲੀਗ ਦੌਰ 'ਚ ਚੀਨ ਨਾਲ ਜਿਥੇ 2-2 ਗੋਲਾਂ ਦੀ ਬਰਾਬਰੀ ਹਾਸਲ ਕੀਤੀ, ਉਥੇ ਆਸਟ੍ਰੇਲੀਆ ਹੱਥੋਂ 3 ਗੋਲਾਂ ਦੀ ਹਾਰ ਤੋਂ ਬਾਅਦ ਇੰਗਲੈਂਡ ਨੂੰ ਵਿਸ਼ਵ ਕੱਪ 'ਚ ਬਣੇ ਰਹਿਣ ਦੀ ਬਿਪਤਾ ਪੈ ਗਈ ਸੀ, ਪਰ ਫਿਰ ਆਇਰਲੈਂਡ ਨੂੰ 4-2 ਨਾਲ, ਨਿਊਜ਼ੀਲੈਂਡ ਨੂੰ 2-0 ਨਾਲ ਅਤੇ ਅਰਜਨਟੀਨਾ ਨੂੰ 3-2 ਨਾਲ ਹਰਾ ਕੇ ਗੋਰਿਆਂ ਨੇ ਆਪਣੀ ਗੱਡੀ ਪਟੜੀ 'ਤੇ ਚੜ੍ਹਾ ਲਈ। ਉਧਰ ਦੂਸਰੇ ਪਾਸੇ ਬੈਲਜੀਅਮ ਨੇ ਕੈਨੇਡਾ ਨੂੰ 2-1 ਨਾਲ, ਦੱਖਣੀ ਅਫਰੀਕਾ ਨੂੰ 5-1 ਨਾਲ, ਭਾਰਤ ਨਾਲ 2-2 ਦੀ ਬਰਾਬਰੀ ਤੋਂ ਬਾਅਦ ਪੂਲ ਸੀ 'ਚੋਂ ਦੂਸਰਾ ਸਥਾਨ ਹਾਸਲ ਕੀਤਾ। ਆਖਰ ਪਾਕਿਸਤਾਨ ਨੂੰ 5-1 ਨਾਲ ਅਤੇ ਜਰਮਨੀ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ 'ਚ ਆਪਣੀ ਮਜਬੂਰ ਦਾਅਵੇਦਾਰੀ ਨੂੰ ਦਰਸਾਇਆ। ਬੈਲਜੀਅਮ ਦੀਆਂ ਵੱਡੀਆਂ ਆਸਾਂ ਟੌਮ ਬੂਨ, ਜਦਕਿ ਇੰਗਲੈਂਡ ਦਾ ਦਾਰੋ ਮਦਾਰ ਸਟਾਰ ਖਿਡਾਰੀ ਮਿਡਲਟਨ ਦੇ ਦੁਆਲੇ ਘੁੰਮੇਗਾ।
ਦੂਸਰਾ ਸੈਮੀਫਾਈਨਲ ਮੁਕਾਬਲਾ ਡੱਚਾਂ ਤੇ ਕੰਗਾਰੂਆਂ ਵਿਚਕਾਰ
ਦੁਨੀਆ ਦੀ ਹਾਕੀ 'ਚ ਡੱਚ ਅਤੇ ਕੰਗਾਰੂਆਂ ਵਿਚਕਾਰ ਹਮੇਸ਼ਾ ਹੀ ਜ਼ਬਰਦਸਤ ਟੱਕਰ ਹੁੰਦੀ ਹੈ। ਕਦੇ ਕੋਈ ਜਿੱਤਦਾ ਹੈ ਤੇ ਕਦੇ ਕੋਈ, ਇਹ ਤਾਂ ਦੋਹਾਂ ਮੁਲਕਾਂ ਦੀ ਰਵਾਇਤ ਹੈ। ਆਸਟ੍ਰੇਲੀਆ ਵਰਤਮਾਨ ਚੈਂਪੀਅਨ ਹੈਮ ਜਦਕਿ ਹਾਲੈਂਡ ਪਿਛਲੇ 20 ਸਾਲ ਤੋਂ ਦੁਨੀਆ ਦੀ ਹਾਕੀ 'ਚ ਕੋਈ ਅਹਿਮ ਖਿਤਾਬ ਨਹੀਂ ਜਿੱਤ ਸਕਿਆ। ਆਖ਼ਰੀ ਵਾਰ ਉਹ 1998 'ਚ ਵਿਸ਼ਵ ਕੱਪ ਦੇ ਚੈਂਪੀਅਨ ਬਣੇ ਹਨ। ਪਿਛਲੇ ਵਿਸ਼ਵ ਕੱਪ 2014 'ਚ ਡੱਚਾਂ ਨੇ ਫਾਈਨਲ ਖੇਡਿਆ ਸੀ। ਹਾਲੈਂਡ ਦੀ ਸਰਜ਼ਮੀਂ 'ਤੇ ਹੀ ਆਸਟ੍ਰੇਲੀਆ ਨੇ ਮੇਜ਼ਬਾਨ ਡੱਚਾਂ ਨੂੰ 6-1 ਨਾਲ ਬੁਰੀ ਤਰ੍ਹਾਂ ਧੋ ਕੇ ਰੱਖ ਦਿੱਤਾ ਸੀ। ਕਿਸੇ ਵਿਸ਼ਵ ਕੱਪ ਦੇ ਫਾਈਨਲ 'ਚ ਇਹ ਹੁਣ ਤੱਕ ਦੀ ਗੋਲਾਂ ਦੇ ਵੱਡੇ ਅੰਤਰ ਵਾਲੀ ਹਾਰ ਸੀ। ਹੁਣ ਡੱਚਾਂ ਕੋਲ 4 ਸਾਲ ਬਾਅਦ ਮੌਕਾ ਮਿਲਿਆ ਕਿ ਉਹ ਆਪਣੀ ਪਿਛਲੀ ਹਾਰ ਦਾ ਬਦਲਾ ਲੈ ਸਕਣ। ਹਾਲਾਂਕਿ ਆਸਟ੍ਰੇਲੀਆ ਨੇ ਆਪਣੀ ਲੀਗ ਦੌਰ ਦੇ ਤਿੰਨੋ ਮੈਚ ਜਿੱਤੇ , ਜਿਸ 'ਚ ਉਹਨਾਂ ਨੇ ਆਇਰਲੈਂਡ ਨੂੰ 2-1 , ਇੰਗਲੈਂਡ ਨੂੰ 3-0, ਚੀਨ ਨੂੰ 11-0 ਤੇ ਕੁਆਟਰਫਾਈਨਲ 'ਚ ਫਰਾਂਸ ਨੂੰ 3-0 ਨਾਲ ਹਰਾਇਆ। ਲਗਭਗ ਉਹਨਾਂ ਦੀ ਇੱਕ ਜਿੱਤ ਨੂੰ ਛੱਡ ਕੇ ਬਾਕੀ ਜਿੱਤਾਂ ਦਾ ਅੰਤਰ ਇਕ ਤਰਫਾ ਹੀ ਰਿਹਾ। ਕੰਗਾਰੂਆਂ ਦਾ ਅਸਲ ਇਮਤਿਹਾਨ ਕੱਲ੍ਹ ਨੂੰ ਡੱਚਾਂ ਵਿਰੁੱਧ ਹੋਵੇਗਾ। ਦੂਜੇ ਪਾਸੇ ਹਾਲੈਂਡ ਭਾਵੇਂ ਪੂਲ ਮੈਚਾਂ 'ਚ ਜਰਮਨ ਤੋਂ 4-1 ਨਾਲ ਹਾਰ ਗਿਆ ਸੀ, ਪਰ ਉਸਨੇ ਪਾਕਿਸਤਾਨ ਅਤੇ ਮਲੇਸ਼ੀਆ ਨੂੰ ਬੁਰੀ ਤਰ੍ਹਾਂ ਧੋਇਆ ਤੇ ਪ੍ਰੀ ਕੁਆਟਰ ਫਾਈਨਲ 'ਚ ਕੈਨੇਡਾ ਨੂੰ 5-1 ਨਾਲ ਕਰਾਰੀ ਮਾਤ ਦਿੱਤੀ ਪਰ ਕੁਆਟਰਫਾਈਨਲ 'ਚ ਭਾਰਤ ਨਾਲ ਉਸਦੀ ਬਰਾਬਰ ਦੀ ਟੱਕਰ ਹੋਈ, ਜਿਸ 'ਚ ਅਖ਼ੀਰ ਹਾਲੈਂਡ 2-1 ਨਾਲ ਜੇਤੂ ਰਿਹਾ ਜੇਕਰ ਦੋਹਾਂ ਟੀਮਾਂ ਦੀ ਕੁੱਲ ਕਾਰਗੁਜ਼ਾਰੀ ਦਾ ਲੇਖਾ ਜੋਖਾ ਲਾਈਏ ਤਾਂ ਜਿੱਤ ਹਾਰ ਦਾ ਨਤੀਜਾ ਫਿਫਟੀ ਫਿਫਟੀ ਜਾਪ ਰਿਹਾ ਹੈ। ਜੇਕਰ ਕੰਗਾਰੂਆਂ ਦੀ ਗੇਮ ਪਲਾਨ ਦੀ ਤੇਜ਼ ਗਤੀ ਜਾਂ ਪਨਲਟੀ ਕਾਰਨਰ ਦਾ ਨਤੀਜਾ ਦੇਖਿਆ ਜਾਵੇ ਤਾਂ ਕੰਗਾਰੂ ਡੱਚਾਂ 'ਤੇ ਭਾਰੂ ਪੈ ਸਕਦੇ ਹਨ । ਕੁੱਲ ਮਿਲਾ ਕੇ ਇਸ ਮੈਚ 'ਚ ਬਹੁਤ ਹੀ ਤੇਜ਼ ਤਰਾਰ ਅਤੇ ਮੁਕਾਬਲੇ ਵਾਲੀ ਹਾਕੀ ਹੋਵੇਗੀ। ਦੋਵੇਂ ਮੁਲਕ ਤਿੰਨ ਤਿੰਨ ਵਾਰ ਦੇ ਦੁਨੀਆ ਦੇ ਚੈਂਪੀਅਨ ਬਣੇ ਹਨ। ਜਿਹੜਾ ਮੁਲਕ ਕੱਲ੍ਹ ਸੈਮੀਫਾਈਨਲ ਜਿੱਤੇਗਾ, ਉਸਦਾ ਚੌਥੀ ਵਾਰ ਚੈਂਪੀਅਨ ਬਣਨ ਦਾ ਦਾਅਵਾ ਮਜਬੂਤ ਹੋਵੇਗਾ ਪਰ ਇਹ ਸਮਾਂ ਦੱਸੇਗਾ ਕਿ ਕਿਸ ਟੀਮ ਦੀ ਕਿਸਮਤ ਉਸਦੇ ਨਾਲ ਹੈ ਅਤੇ ਕਿਹੜੀ ਟੀਮ ਆਪਣੀ ਖੋਟੀ ਕਿਸਮਤ ਨੂੰ ਕੋਸਦੀ ਹੋਈ ਖੇਡ ਮੈਦਾਨ 'ਚੋਂ ਬਾਹਰ ਨਿਕਲਦੀ ਹੈ।