ਰਿਵਰਸ ਫਲਿੱਕ @ ਨਵਦੀਪ ਸਿੰਘ ਗਿੱਲ (97800-36216)
ਵਿਸ਼ਵ ਹਾਕੀ ਨੂੰ ਬੈਲਜੀਅਮ ਦੇ ਰੂਪ ਵਿੱਚ ਨਵਾਂ ਚੈਂਪੀਅਨ ਮਿਲ ਗਿਆ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਖੇ 14ਵੇਂ ਹਾਕੀ ਵਿਸ਼ਵ ਕੱਪ ਦੇ ਫਾਈਨਲ ਵਿੱਚ ਬੈਲਜੀਅਮ ਨੇ ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਹਾਲੈਂਡ ਨੂੰ ਸਡਨ ਡੈਥ ਰਾਹੀਂ 3-2 ਨਾਲ ਹਰਾ ਕੇ ਖਿਤਾਬ ਉਪਰ ਕਬਜ਼ਾ ਜਮਾਇਆ। ਹਾਲੈਂਡ ਦੇ ਹਰਟਜ਼ਬਰਗਰ ਦੀ ਰਿਵਰਸ ਫਲਿੱਕ ਅਜਾਈਂ ਜਾਂਦਿਆਂ ਹੀ ਬੈਲਜੀਅਮ ਨੇ ਆਪਣਾ ਪਹਿਲਾ ਵਿਸ਼ਵ ਕੱਪ ਖਿਤਾਬ ਝੋਲੀ ਪਾ ਲਿਆ। ਬੈਲਜੀਅਮ ਦਾ ਇਹ ਪਲੇਠਾ ਹੀ ਫਾਈਨਲ ਸੀ ਅਤੇ ਪਹਿਲੀ ਵਾਰ ਹੀ ਉਸ ਨੇ ਕੱਪ ਜਿੱਤ ਲਿਆ। ਬੈਲਜੀਅਮ ਛੇਵਾਂ ਮੁਲਕ ਬਣ ਗਿਆ ਜਿਸ ਨੇ ਵਿਸ਼ਵ ਕੱਪ ਜਿੱਤਿਆ। ਇਸ ਤੋਂ ਪਹਿਲਾਂ ਪਾਕਿਸਤਾਨ (4 ਵਾਰ), ਹਾਲੈਂਡ (3 ਵਾਰ), ਆਸਟਰੇਲੀਆ (3 ਵਾਰ), ਜਰਮਨੀ (2 ਵਾਰ) ਤੇ ਭਾਰਤ (1 ਵਾਰ) ਵਿਸ਼ਵ ਕੱਪ ਜਿੱਤ ਚੁੱਕੇ ਹਨ ਜਦੋਂ ਕਿ ਬੈਲਜੀਅਮ ਹੁਣ ਹਾਕੀ ਦੇ ਆਲਮੀ ਚੈਂਪੀਅਨਾਂ ਦੀ ਸੂਚੀ ਵਿੱਚ ਵੀ ਸ਼ੁਮਾਰ ਹੋ ਗਿਆ। ਹਾਲੈਂਡ ਦਾ ਚੌਥੀ ਵਾਰ ਵਿਸ਼ਵ ਕੱਪ ਜਿੱਤ ਕੇ ਪਾਕਿਸਤਾਨ ਨਾਲ ਰਿਕਾਰਡ ਦੀ ਬਰਾਬਰੀ ਕਰਨ ਦਾ ਸੁਫਨਾ ਲਗਾਤਾਰ ਦੂਜੇ ਸਾਲ ਟੁੱਟਿਆ। 2014 ਵਿੱਚ ਪਿਛਲੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਲੈਂਡ ਨੂੰ ਆਸਟਰੇਲੀਆ ਹੱਥੋਂ 1-6 ਨਾਲ ਹਾਰ ਹੋਈ ਸੀ ਅਤੇ ਇਸ ਵਾਰ ਉਹ ਸਡਨ ਡੈਥ ਵਿੱਚ ਬੈਲਜੀਅਮ ਹੱਥੋਂ ਹਾਰੇ। ਹਾਲੈਂਡ ਨੇ ਰਿਕਾਰਡ ਸੱਤਵਾਂ ਫਾਈਨਲ ਖੇਡਿਆ ਜਦੋਂ ਕਿ ਬੈਲਜੀਅਮ ਪਹਿਲੀ ਵਾਰ ਫਾਈਨਲ ਖੇਡ ਰਿਹਾ ਸੀ। ਇਹ ਵੀ ਕਾਬਲੇਗੌਰ ਹੈ ਕਿ ਬੈਲਜੀਅਮ ਇਸ ਵਿਸ਼ਵ ਕੱਪ ਵਿੱਚ ਸਿਰਫ ਇਕ ਮੈਚ ਹੀ ਨਹੀਂ ਜਿੱਤ ਸਕੀ ਅਤੇ ਉਹ ਵੀ ਮੇਜ਼ਬਾਨ ਭਾਰਤ ਖਿਲਾਫ। ਪੂਲ ਸੀ ਦੇ ਲੀਗ ਮੈਚ ਵਿੱਚ ਭਾਰਤ ਨੇ ਬੈਲਜੀਅਮ ਨੂੰ 2-2 ਦੀ ਬਰਾਬਰੀ 'ਤੇ ਡੱਕ ਲਿਆ ਸੀ। ਹਾਲਾਂਕਿ ਭਾਰਤ ਇਕ ਵੇਲੇ 2-1 ਨਾਲ ਅੱਗੇ ਸੀ। ਬੈਲਜੀਅਮ ਪੂਲ ਵਿੱਚ ਦੂਜੇ ਸਥਾਨ 'ਤੇ ਰਿਹਾ ਸੀ ਜਦੋਂ ਕਿ ਪੂਲ ਦੀ ਸਿਖਰਲੀ ਟੀਮ ਭਾਰਤ ਸੀ। ਭਾਰਤ ਚੰਗਾ ਖੇਡ ਕੇ ਵੀ ਕੁਆਰਟਰ ਫਾਈਨਲ ਤੋਂ ਅੱਗੇ ਨਾ ਜਾ ਸਕਿਆ ਅਤੇ ਬੈਲਜੀਅਮ ਵਿਸ਼ਵ ਚੈਂਪੀਅਨ ਬਣ ਗਿਆ।
ਫਾਈਨਲ ਮੈਚ ਬਹੁਤ ਸੰਘਰਸ਼ਪੂਰਨ ਰਿਹਾ ਪ੍ਰੰਤੂ ਦੋਵੇਂ ਟੀਮਾਂ ਵੱਲੋਂ ਅਪਣਾਈ ਰੱਖਿਅਕ ਨੀਤੀ ਕਾਰਨ ਕਿਸੇ ਵੀ ਟੀਮ ਨੂੰ ਗੋਲ ਕਰਨ ਦਾ ਮੌਕਾ ਨਾ ਮਿਲਿਆ। 60 ਮਿੰਟ ਦਾ ਪੂਰਾ ਨਿਰਧਾਰਤ ਸਮਾਂ ਗੋਲ ਰਹਿਤ ਰਿਹਾ। ਹਾਲਾਂਕਿ ਦੋਵੇਂ ਟੀਮਾਂ ਨੇ ਕਈ ਮੂਵ ਬਣਾਏ, ਖਾਸ ਕਰ ਕੇ ਕਾਊਂਟਰ ਅਟੈਕ ਉਪਰ ਜ਼ਿਆਦਾ ਜ਼ੋਰ ਰਿਹਾ। ਕਾਊਂਟਰ ਅਟੈਕ ਕਰਦਿਆਂ ਤੇਜ਼ੀ ਇੰਨੀ ਦਿਖਾਈ ਜਾਂਦੀ ਰਹੀ ਕਿ ਵਿਰੋਧੀ ਡੀ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਗੇਂਦ ਉਪਰ ਕੰਟਰੋਲ ਨਾ ਬੈਠਦਾ ਅਤੇ ਹਮਲਾ ਅਜਾਈਂ ਚਲਾ ਜਾਂਦਾ। ਬੈਲਜੀਅਮ ਨੇ ਕਈ ਮੌਕੇ ਬਣਾਏ ਪਰ ਗੋਲ ਕਰਨ ਦਾ ਮੌਕਾ ਨਾ ਮਿਲਿਆ। ਪੂਰਾ ਸਮਾਂ ਸਕੋਰ ਬਰਾਬਰ ਰਹਿਣ ਤੋਂ ਬਾਅਦ ਟਾਈਬ੍ਰੇਕਰ ਵਿੱਚ ਵੀ ਸਕੋਰ 2-2 ਨਾਲ ਬਰਾਬਰ ਰਹਿ ਗਿਆ। ਪੰਜਵੇਂ ਸ਼ੂਟ ਆਊਟ ਮੌਕੇ ਬੈਲਜੀਅਮ ਦੇ ਖਿਡਾਰੀਆਂ ਨੇ ਗੋਲ ਕਰ ਕੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ ਪ੍ਰੰਤੂ ਵੀਡਿਓ ਰੈਫਰਲ ਵਿੱਚ ਰੈਫਰੀ ਵੱਲੋਂ ਬਾਲ ਸਟਰਾਈਕਰ ਦੇ ਪੈਰ ਨੂੰ ਲੱਗਣ ਕਰਕੇ ਫਾਊਲ ਕਰਾਰ ਦੇ ਦਿੱਤਾ। ਮੈਚ ਸਡਨ ਡੈਥ ਵਿੱਚ ਚਲਾ ਗਿਆ ਅਤੇ ਸਡਨ ਡੈਥ ਵਿੱਚ ਬੈਲਜੀਅਮ ਨੇ ਗੋਲ ਕਰ ਦਿੱਤਾ ਅਤੇ ਹਾਲੈਂਡ ਲਈ ਹੁਣ ਤੱਕ ਹੁਕਮ ਦਾ ਯੱਕਾ ਸਾਬਤ ਹੁੰਦੇ ਆਏ ਹਰਟਜ਼ਬਰਗਰ ਦੀ ਰਿਵਰਸ ਫਲਿੱਕ ਗੋਲ ਤੋਂ ਬਾਹਰ ਚਲੀ ਗਈ ਅਤੇ ਬੈਲਡੀਅਮ ਨੇ 3-2 ਨਾਲ ਫਾਈਨਲ ਜਿੱਤ ਲਿਆ।
ਉਧਰ ਇੰਗਲੈਂਡ ਦਾ ਲਗਾਤਾਰ ਤੀਜੀ ਵਾਰ ਤੀਜੀ ਸਥਾਨ ਉਤੇ ਰਹਿਣ ਦਾ ਸੁਫਨਾ ਟੁੱਟਿਆ। ਤੀਜੇ ਸਥਾਨ ਵਾਲੇ ਮੈਚ ਵਿੱਚ ਆਸਟਰੇਲੀਆ ਨੇ ਇੰਗਲੈਂਡ ਨੂੰ 8-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਇੰਗਲੈਂਡ ਪਿਛਲੇ ਦੋ ਵਿਸ਼ਵ ਕੱਪ (2014 ਤੇ 2010) ਮੁਕਾਬਲਿਆਂ ਵਿੱਚ ਵੀ ਤੀਜੇ ਸਥਾਨ ਦਾ ਮੈਚ ਹਾਰ ਗਿਆ ਸੀ।