ਚੰਡੀਗੜ੍ਹ, 5 ਜਨਵਰੀ 2019 - ਹਰਿਆਣਾ ਦੀ ਨਿਸ਼ਾਨੇਬਾਜ਼ ਮਨੂ ਭਾਕਰ ਵੱਲੋਂ ਹਰਿਆਣਾ ਖੇਡ ਮੰਤਰੀ ਨੂੰ ਕੀਤੀ 'ਜੁਮਲੇ' ਵਾਲੀ ਟਿੱਪਣੀ ਤੋਂ ਬਾਅਦ ਹਰਿਆਣਾ ਖੇਡ ਮੰਤਰੀ ਅਨਿਲ ਵਿਜ ਨੇ ਖਿਡਾਰਣ ਨੂੰ ਆਪਣੀ ਖੇਡ ਵੱਲ ਧਿਆਨ ਦੇਣ ਦੀ ਗੱਲ ਆਖੀ। ਵਿਜ ਨੇ ਕਿਹਾ ਕਿ ਇੱਕ ਖਿਡਾਰੀ ਉਨ੍ਹਾਂ ਨੂੰ ਇਹ ਗੱਲ ਨਹੀਂ ਕਹਿ ਸਕਦਾ ਕਿ ਸਰਕਾਰ ਨੇ ਇਨਾਮ ਦਿੱਤਾ ਜਾਂ ਨਹੀਂ ਦਿੱਤਾ, ਜਦਕਿ ਹਰਿਆਣਾ ਸਰਕਾਰ ਆਪਣੇ ਕਹੇ ਦੀ ਪੱਕੀ ਹੈ। ਵਿਜ ਨੇ ਕਿਹਾ ਕਿ ਉਹ ਭਾਵੇਂ ਚੰਦਾ ਇਕੱਠਾ ਕਰ ਕੇ ਖਿਡਾਰਣ ਨੂੰ 2 ਕਰੋੜ ਰੁਪਏ ਦਾ ਨਕਦ ਇਨਾਮ ਦਿੰਦੇ, ਪਰ ਮਨੂ ਭਾਕਰ ਨੇ ਇਹ ਟਿੱਪਣੀ ਕਰ ਕੇ ਸੂਬਾ ਸਰਕਾਰ ਦਾ ਨਾਮ ਖਰਾਬ ਕੀਤਾ ਹੈ।
ਅਨਿਲ ਵਿਜ ਅਨੁਸਾਰ ਸਰਕਾਰ ਦੀਆਂ ਕੁਝ ਪਾਲਿਸੀਆਂ ਹੁੰਦੀਆਂ ਨੇ ਜਿੰਨ੍ਹਾਂ ਦੇ ਮੱਦੇਨਜ਼ਰ ਹੀ ਸਭ ਕੁਝ ਤੈਅ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਸਮੇਂ ਸਮੇਂ 'ਤੇ ਨੋਟੀਫਿਕੇਸ਼ਨ ਵੀ ਜਾਰੀ ਹੁੰਦਾ ਹੈ ਕਿ ਕਿਹੜਾ ਪ੍ਰੋਗਰਾਮ ਕਿਸ ਵੇਲੇ ਉਲੀਕਿਆ ਜਾਵੇਗਾ। ਵਿਜ ਨੇ ਖਿਡਾਰਣ ਵੱਲੋਂ ਕੀਤੀ ਟਿੱਪਣੀ 'ਤੇ ਅਫਸੋਸ ਜਤਾਇਆ ਅਤੇ ਇਸ ਬਿਆਨ ਨੂੰ ਸਿਆਸਤ ਤੋਂ ਪ੍ਰੇਰਿਤ ਆਖਿਆ। ਉਨ੍ਹਾਂ ਫਿਲਹਾਲ ਖਿਡਾਰਣ ਨੂੰ ਇੰਨ੍ਹਾਂ ਗੱਲਾਂ ਵੱਲ੍ਹ ਧਿਆਨ ਨਾ ਦੇਣ ਦੀ ਗੱਲ ਆਖੀ ਤੇ ਸਿਰਫ ਆਪਣੇ ਕੰਮ 'ਤੇ ਫੋਕਸ ਕਰਨ ਦੀ ਸਲਾਹ ਦਿੱਤੀ।