ਮੋਹਾਲੀ 5 ਫਰਵਰੀ 2019: ਪੰਜ ਰੋਜ਼ਾ ਕੇਸਾਧਾਰੀ ਹਾਕੀ ਗੋਲਡ ਕੱਪ ਟੂਰਨਾਮੈਂਟ ਜਿਸ ਦੀ ਸ਼ੁਰੂਆਤ 31 ਜਨਵਰੀ ਨੂੰ ਹੋਈ ਸੀ ਅੱਜ ਸ਼ਾਮ ਇੱਥੇ ਅਰੰਭ ਕਰ ਦਿੱਤਾ ਗਿਆ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਤੇ ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰੋ. ਮਨਜੀਤ ਸਿੰਘ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਇੱਥੇ ਦਸਦੀਏ ਕਿ ਸ੍ਰ ਸੁਖਦੇਵ ਸਿੰਘ ਢੀਂਡਸਾ ਨੂੰ ਕੇਂਦਰ ਦੀ ਮੋਦੀ ਸਰਕਾਰ ਤੋਂ ਵਿਭੂਸ਼ਣ ਸਨਮਾਨ ਦਿੱਤੇ ਜਾਣ ਮਗਰੋਂ ਬਾਦਲ ਅਤੇ ਢੀਂਡਸਾ ਪਰਿਵਾਰ ਦੇ ਵਿੱਚ ਸਭ ਅੱਛਾ ਨਹੀਂ ਚਲ ਰਿਹਾ। ਇਸ ਟੂਰਨਾਮੈਂਟ ਦਾ ਆਯੋਜਨ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕੀਤਾ ਗਿਆ ਜੋ ਅੱਜ ਪੂਰੇ ਪੰਜ ਦਿਨ ਤੱਕ ਚਲਿਆ ਜਿਸ ਵਿੱਚ ਦੇਸ਼ ਵਿੱਚੋਂ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ।
ਇਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸ੍ਰ. ਢੀਂਡਸਾ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਦੇ ਜ਼ਹਿਨ ਵਿੱਚ ਖੇਡਾਂ ਪ੍ਰਤੀ ਹੁਨਰ ਬਰਕਰਾਰ ਰੱਖਣ ਵਿੱਚ ਪੰਜਾਬ ਸੂਬੇ ਨੇ ਹਰ ਵਾਰ ਅਹਿਮ ਭੂਮਿਕਾ ਨਿਭਾਈ ਹੈ। ਅਜਿਹੇ ਟੂਰਨਾਮੈਂਟ ਆਯੋਜਨ ਕਰਨ ਨਾਲ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀਆਂ ਨੂੰ ਉੱਚ ਤਕਨੀਕੀ ਮੁਕਾਬਲਾ ਕਰਨ ਲਈ ਮਦਦਗਾਰ ਸਿੱਧ ਹੁੰਦਾ ਹੈ। ਇਸ ਤਰ੍ਹਾਂ ਦੇ ਟੂਰਨਾਮੈਂਟ ਖਿਡਾਰੀਆਂ ਦੀ ਪ੍ਰਤੀਭਾ ਨੂੰ ਸੁਧਾਰਨ ਅਤੇ ਪ੍ਰੇਰਿਤ ਕਰਨ ਲਈ ਇੱਕ ਮੌਕਾ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਅਡਵਾਂਸ ਕੋਚਿੰਗ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮੁਕਾਬਿਲਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਸਰਕਾਰ ਖਿਡਾਰੀਆਂ ਦੇ ਭਲੇ ਲਈ ਵਿਸ਼ੇਸ਼ ਪਾਲਿਸੀਆਂ ਲਾਗੂ ਕਰੇ ਤਾਂ ਜੋ ਪੰਜਾਬ ਦੇ ਨੌਜਵਾਨ ਖੇਡਾਂ ਪ੍ਰਤੀ ਦਿਲਚਸਪੀ ਰੱਖ ਸਕਦੇ ਹਨ।
ਇਸ ਤੋਂ ਪਹਿਲਾਂ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਜੋ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੇ ਡਾਇਰੈਕਟਰ ਹਨ ਅਤੇ ਜਿੰਨ੍ਹਾਂ ਨੂੰ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ਰ. ਬ੍ਰਹਮਪੁਰਾ ਦੇ ਹੁਕਮਾਂ ਅਨੁਸਾਰ ਪਾਰਟੀ ਨੇ ਆਪਣਾ ਜਨਰਲ ਸਕੱਤਰ ਅਤੇ ਬੁਲਾਰਾ ਨਿਯੁਕਤ ਕੀਤਾ ਹੈ, ਸੰਬੋਧਨ ਕਰਦੇ ਹੋਏ ਕਿਹਾ ਕਿ ਕੌਂਸਲ ਵੱਲੋਂ ਕਾਫ਼ੀ ਸਾਰੇ ਟੂਰਨਾਮੈਂਟ ਵੱਖ-ਵੱਖ ਪੱਧਰ ਤੇ ਕਰਵਾਏ ਜਾ ਰਹੇ ਹਨ ਜਿਸ ਨਾਲ ਖਿਡਾਰੀਆਂ ਦੇ ਟੈਲੇੰਟ ਨੂੰ ਹੋਰ ਵਿਕਸਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਸ਼ਿਸ਼ਾਂ ਦੇ ਚੰਗੇ ਨਤੀਜੇ ਵੀ ਪ੍ਰਾਪਤ ਹੋਏ ਹਨ ਜਿਸ ਨਾਲ ਖਿਡਾਰੀਆਂ ਨੇ ਸੂਬੇ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖ਼ਿਤਾਬ ਜਿਤਿਆ ਹੈ। ਉਨ੍ਹਾਂ ਕਿਹਾ ਕਿ ਹਾਕੀ ਨੂੰ ਪਿਆਰ ਕਰਨ ਵਾਲੇ ਲੋਕਾਂ ਵਲੋਂ ਇਸ ਟੂਰਨਾਮੈਂਟ ਨੂੰ ਚੰਗਾ ਹੁਲਾਰਾ ਮਿਲਿਆ ਹੈ ਅਤੇ ਲੋਕਾਂ ਨੇ ਮੋਹਾਲੀ ਦੇ ਹਾਕੀ ਸਟੇਡੀਅਮ ਵਿਖੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਹੈ। ਇਸ ਟੂਰਨਾਮੈਂਟ ਸਮਾਰੋਹ ਮੌਕੇ ਪ੍ਰਧਾਨ ਸ੍ਰ. ਜਸਬੀਰ ਸਿੰਘ ਮੋਹਾਲੀ ਨੇ ਵੀ ਸੰਬੋਧਨ ਕੀਤਾ।
ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਅਹਿਮ ਐਲਾਨ ਕਰਦੇ ਹੋਏ ਕਿਹਾ ਕਿ ਮਾਰਚ 2019 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੇਰੇ ਪੰਜਾਬ ਹਾਕੀ ਗੋਲਡ ਕੱਪ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਅਤੇ ਸ੍ਰੀ. ਰਾਜਾ ਗ਼ੁਲਾਮ ਨਬੀ ਵਾਨੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਨ੍ਹਾਂ ਭਾਰਤੀ ਓਲੰਪੀਅਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ. ਨਰਿੰਦਰ ਬੱਤਰਾ ਅਤੇ ਹਾਕੀ ਇੰਡੀਆ ਦੇ ਸਕੱਤਰ ਜਨਰਲ ਸ੍ਰ. ਰਜਿੰਦਰ ਸਿੰਘ ਕੁੱਕੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿੰਨਾਂ ਇਸ ਟੂਰਨਾਮੈਂਟ ਲਈ ਆਪਣਾ ਕੀਮਤੀ ਸਹਿਯੋਗ ਦਿੱਤਾ।
ਸੁਰਜੀਤ ਹਾਕੀ ਅਕੈਡਮੀ ਨੇ ਸਹਾਬਾਦ ਮਾਰਕੰਡਾ ਨੂੰ 5-2 ਨਾਲ ਹਰਾ ਜਿੱਤ ਦਾ ਤਾਜ ਆਪਣੇ ਸਿਰ ਸਜਾਇਆ ਅਤੇ ਇਸ ਸਮਾਪਤੀ ਸਮਾਰੋਹ ਮੌਕੇ ਸ੍ਰ. ਢੀਂਡਸਾ ਵੱਲੋਂ ਜੇਤੂ ਅਤੇ ਭਾਗ ਲੈਣ ਵਾਲੀਆਂ ਟੀਮਾਂ ਨੂੰ ਸਨਮਾਨਿਤ ਵੀ ਕੀਤਾ।