ਨਵੀਂ ਦਿੱਲੀ, 22 ਫਰਵਰੀ 2019 - ਪੁਲਵਾਮਾ ਹਮਲੇ ਮਗਰੋਂ ਲਗਾਤਾਰ ਭਾਰਤ ਵੱਲੋਂ ਪਾਕਿਸਤਾਨ ਤੋਂ ਐਮ.ਐਫ.ਐਨ ਵਾਪਸ ਲਏ ਜਾਣ, ਫਿਰ ਪਾਕਿਸਤਾਨੀ ਫਿਲਮੀ ਅਦਾਕਾਰਾਂ 'ਤੇ ਬੈਨ, ਫਿਰ ਪਾਕਿਸਤਾਨੀ ਵਸਤਾਂ 'ਤੇ ਕਸਟਮ ਡਿਊਟੀ ਵਧਾਉਣਾ ਆਦਿ ਵਰਗੇ ਮਸਲੇ ਸਾਹਮਣੇ ਆ ਰਹੇ ਨੇ। ਪਰ ਹੁਣ ਪੁਲਵਾਮਾ ਅਤਿਵਾਦੀ ਹਮਲੇ ਦਾ ਅਸਰ ਦੋਹਾਂ ਮੁਲਕਾਂ ਦੇ ਖਿਡਾਰੀਆਂ 'ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ।
ਦਿੱਲੀ ਚ ਹੋਣ ਵਾਲੇ ਸ਼ੂਟਿੰਗ ਵਰਲਡ ਕੱਪ ਲਈ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਭਾਰਤ ਵੱਲੋਂ ਵੀਜ਼ਾ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਨੇ ਆਈਓਸੀ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਭਾਰਤ ਨਾਲ ਭਵਿੱਖ ਚ ਕਰਵਾਏ ਜਾਣ ਵਾਲੀਆਂ ਕਿਸੇ ਵੀ ਓਲੰਪਿਕ ਅਤੇ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ 'ਤੇ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ। ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਪਾਕਿਸਤਾਨ ਦੇ ਮਤੇ 'ਤੇ ਆਈਓਸੀ ਦੇ ਅਫ਼ਸਰਾਂ ਨੇ ਇੱਕ ਬੈਠਕ ਮਗਰੋਂ ਇਹ ਫੈਸਲਾ ਲਿਆ ਹੈ। ਹਾਲਾਂਕਿ ਭਾਰਤ ਵਲੋਂ ਲਿਖਤ ਭਰੋਸੇ ਮਗਰੋਂ ਆਈਓਸੀ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਖੋਹੀ ਹੈ।
ਆਈਓਸੀ ਮੁਤਾਬਕ ਭਾਰਤੀ ਐਨਓਸੀ, ਆਈਓਸੀ ਅਤੇ ਆਈਐਸਐਸਐਫ਼ ਵਰਗੀਆਂ ਕੋਸ਼ਿਸ਼ਾਂ ਮਗਰੋਂ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵਿਸ਼ਵ ਕੱਪ ਚ ਹਿੱਸਾ ਲੈਣ ਦੀ ਆਗਿਆ ਨਹੀਂ ਮਿਲ ਸਕੀ। ਇਹ ਓਲੰਪਿਕ ਦੀਆਂ ਨੀਤੀਆਂ ਖਿਲਾਫ਼ ਹੈ। ਆਈਓਸੀ ਦੀ ਜ਼ਿੰਮੇਵਾਰੀ ਹੈ ਕਿ ਮੇਜ਼ਬਾਨ ਦੇਸ਼ ਚ ਆਉਣ ਵਾਲੇ ਸਾਰੇ ਖਿਡਾਰੀਆਂ ਨੂੰ ਕਿਸੇ ਸਿਆਸੀ ਦਖ਼ਲਅੰਦਾਜੀ ਦੇ ਬਿਨਾ ਨਿਰਪੱਖ ਅਤੇ ਬਰਾਬਰ ਦਰਜੇ ਦੇ ਮਾਹੌਲ ਚ ਮੁਕਾਬਲਿਆਂ ਚ ਹਿੱਸਾ ਲੈਣ ਦਾ ਮੌਕਾ ਮਿਲੇ।