ਸੁਲਤਾਨਪੁਰ ਲੋਧੀ, 25 ਮਾਰਚ 2019 - ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਧਾਰ ਕਲਾਂ ( ਪਠਾਨਕੋਟ ) ਦੀ ਝੀਲ ਵਿੱਚ ਕਰਵਾਏ ਗਏ ਇੰਟਰ ਯੂਨੀਵਰਸਿਟੀ ਕਿਸ਼ਤੀ ਮੁਕਾਬਲਿਆਂ ਵਿੱਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀਆਂ ਖਿਡਾਰਣਾਂ ਨੇ 1 ਸੋਨੇ ਦਾ 8 ਚਾਂਦੀ ਦੇ ਅਤੇ 4 ਕਾਂਸੇ ਦੇ ਤਮਗੇ ਜਿੱਤੇ।ਤਿੰਨ ਦਿਨ ਚੱਲੇ ਕਿਸ਼ਤੀਆਂ ਦੇ ਕਿਯਾਕਿੰਗ ਕਨੋਇੰਗ ਮੁਕਾਬਲਿਆਂ ਵਿੱਚ ਦੇਸ਼ ਭਰ ਤੋਂ 23 ਯੂਨੀਵਰਸਿਟੀਆਂ ਦੇ ਖਿਡਾਰੀ ਹਿੱਸਾ ਲੈਣ ਲਈ ਆਏ ਹੋਏ ਸਨ।
ਇੰਨ੍ਹਾਂ ਮੁਕਾਬਲਿਆਂ ਵਿੱਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀਆਂ ਖਿਡਾਰਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।ਇੰਨ੍ਹਾਂ ਖਿਡਾਰਣਾਂ ਵਿੱਚ ਇੱਕਲੀ ਪ੍ਰਇੰਕਾ ਦੇਵੀ ਨੇ 6 ਮੈਡਲ ਜਿੱਤੇ ਜਿੰਨ੍ਹਾਂ ਵਿੱਚ 1 ਸੋਨੇ ਦਾ 4 ਚਾਂਦੀ ਦੇ ਅਤੇ 1 ਕਾਂਸੇ ਦਾ ਤਮਗਾ ਸ਼ਾਮਿਲ ਹੈ।ਇਸੇ ਤਰ੍ਹਾਂ ਕਿਰਨਦੀਪ ਕੌਰ ਅਤੇ ਮਧੂ ਸ਼ਰਮਾ ਨੇ 2-2 ਚਾਂਦੀ ਦੇ, ਪ੍ਰਿਆ ਰਾਜਪੂਤ, ਮਨਪ੍ਰੀਤ ਕੌਰ ਤੇ ਸੁਖਵਿੰਦਰ ਕੌਰ ਨੇ ਇੱਕ-ਇੱਕ ਕਾਂਸੇ ਦਾ ਤਮਗਾ ਹਾਸਿਲ ਕੀਤਾ।
ਜ਼ਿਕਰਯੋਗ ਹੈ ਕਿ ਸੀ੍ਰ ਗੁਰੁ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਕਿਨਾਰੇ 2015 ਤੋਂ ਚੱਲ ਰਹੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਖਿਡਾਰੀਆਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਿਯਾਕਿੰਗ ਕਨੋਇੰਗ ਚੈਪੀਅਨਸ਼ਿਪ 2019 ਮੁਕਾਬਲਿਆਂ ਵਿੱਚੋਂ 13 ਮੈਡਲ ਹਾਸਿਲ ਕੀਤੇ ਹਨ। ਸੈਂਟਰ ਦੇ ਕੋਚ ਅਮਨਦੀਪ ਸਿੰਘ ਖੈਹਿਰਾ ਨੇ ਦੱਸਿਆ ਕਿ ਇਸ ਖਿੱਤੇ ਵਿੱਚੋਂ ਚੰਗੇ ਖਿਡਾਰੀ ਪੈਦਾ ਕਰਨ ਦੀਆਂ ਹੋਰ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਖਿਡਾਰੀਆਂ ਅਤੇ ਕੋਚ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਲਈ ਕਿਹਾ।ਉਨਾਂ ਇਹ ਵੀ ਕਿਹਾ ਕਿ ਖਿਡਾਰੀਆਂ ਲਈ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇੱਥੇ ਜ਼ਿਕਰਯੋਗ ਹੈ ਕਿ ਇਸ ਸੈਂਟਰ ਦੇ ਖਿਡਾਰੀ ਹੁਣ ਤੱਕ ਏਸ਼ੀਅਨ ਚੈਪੀਅਨਸ਼ਿਪ ਵਿੱਚੋ ਮੈਡਲ ਹਾਸਿਲ ਕਰ ਚੱਕੇ ਹਨ ਤੇ ਕਈ ਖਿਡਾਰੀ ਵੱਖ-ਵੱਖ ਮਹਿਕਮਿਆਂ ਵਿੱਚ ਰੋਜ਼ਗਾਰ ਵੀ ਪ੍ਰਾਪਤ ਕਰ ਚੁੱਕੇ ਹਨ। ਸਾਲ 2019 ਵਿੱਚ ਵੀ 3 ਖਿਡਾਰੀ ਰਣਜੀਤ ਸਿੰਘ, ਪ੍ਰਿਆ ਰਾਜਪੂਤ ਅਤੇ ਵਰਿੰਦਰ ਸਿੰਘ 29ਵੀਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦਿੱਲੀ ਵਿਖੇ ਅਤੇ ਅਭੇ ਸਿੰਘ, ਨਿਰਭੈ ਸਿੰਘ, ਬਲਵਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ ਸਬ-ਜੂਨੀਅਰ ਚੈਂਪੀਅਨਸ਼ਿਪ ਜੋ ਕਿ ਭੋਪਾਲ ਵਿਖੇ ਹੋਈ ਸੀ ਉਸ ਵਿੱਚ ਹਿੱਸਾ ਲੈ ਚੁੱਕੇ ਹਨ।