ਫਿਰੋਜ਼ਪੁਰ 29 ਮਾਰਚ (ਗੁਰਿੰਦਰ ਸਿੰਘ) ਨਸ਼ਿਆਂ ਖ਼ਿਲਾਫ਼ ਅਤੇ ਵੋਟ ਦੀ ਵਰਤੋਂ ਸਬੰਧੀ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵੱਲੋਂ 31 ਮਾਰਚ 2019 ਨੂੰ ਫਿਰੋਜ਼ਪੁਰ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ.ਅਮਿਤ ਗੁਪਤਾ ਨੇ ਦੱਸਿਆ ਕਿ ਇਹ ਮੈਰਾਥਨ ਦੌੜ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਰੇਲਵੇ ਪੁੱਲ ਦੇ ਉੱਪਰ ਦੀ ਹੁੰਦੀ ਹੋਈ ਸਾਰਾਗੜ੍ਹੀ ਚੌਂਕ ਪਾਰ ਕਰਦੇ ਹੋਏ ਮਾਲ ਰੋਡ ਵਿਖੇ ਸਥਿਤ ਗੋਲਫ ਕੋਰਸ ਤੋਂ ਵਾਪਸ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਹ ਦੌੜ 5 ਅਤੇ 10 ਕਿੱਲੋਮੀਟਰ ਦੋ ਕੈਟਾਗਰੀਆਂ ਵਿੱਚ ਹੋਵੇਗੀ। ਇਸ ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਅਥਲੀਟਾਂ ਨੂੰ ਟੀ.ਸ਼ਰਟਾਂ ਅਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ ਅਤੇ ਇਸ ਦੌੜ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਜੇਤੂਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਮੈਰਾਥਨ ਦੌੜ ਲਈ ਸੁਰੱਖਿਆ, ਪੀਣ ਵਾਲੇ ਪਾਣੀ ਅਤੇ ਮੈਡੀਕਲ ਆਦਿ ਸਾਰੀਆਂ ਸਹੂਲਤਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਅਥਲੀਟਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਰਾਥਨ ਦੌੜ ਵਿੱਚ ਵੱਧ ਤੋਂ ਵੱਧ ਭਾਗ ਲੈਣ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ, ਡੀ.ਐੱਸ.ਪੀ. ਸੁਰਿੰਦਰ ਬਾਂਸਲ, ਸਹਾਇਕ ਸਿਵਲ ਸਰਜਨ ਸੰਜੀਵ ਗੁਪਤਾ, ਸੀ.ਈ.ਓ. ਡੀ.ਸੀ.ਐੱਮ. ਸਕੂਲ ਅਨਿਰੁੱਧ ਗੁਪਤਾ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਦੀਪਕ ਸ਼ਰਮਾ, ਇੰਦਰਪਾਲ ਸਿੰਘ, ਰਾਜੇਸ਼ ਮਹਿਤਾ, ਗਗਨ ਮਾਟਾ, ਸ਼੍ਰੀ ਰਾਮ ਬਾਗ਼ ਸੋਸਾਇਟੀ ਅਤੇ ਲਾਈਫ਼ ਸੇਵਰਜ਼ ਸੁਸਾਇਟੀ ਆਦਿ ਦੇ ਨੁੁਮਾਇੰਦੇ ਹਾਜ਼ਰ ਸਨ।