ਫ਼ਿਰੋਜ਼ਪੁਰ 29 ਮਾਰਚ ( ਗੁਰਿੰਦਰ ਸਿੰਘ) ਚਾਈਲਡ ਸਰਵਾਈਵਲ ਇੰਡੀਆ ਵਿਹਾਨ ਕੇਅਰ ਐਂਡ ਸਪੋਰਟ ਸੈਂਟਰ ਵੱਲੋਂ ਰੋਟਰੀ ਕਲੱਬ ਫ਼ਿਰੋਜ਼ਪੁਰ ਵਿਖੇ ਐੱਚ.ਆਈ.ਵੀ/ ਏਡਜ਼ ਪ੍ਰਭਾਵਿਤ ਲੋਕਾਂ ਲਈ ਸਮਾਜਿਕ ਸਹੂਲਤਾਂ ਸਬੰਧੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ: ਪ੍ਰਦੀਪ ਅਗਰਵਾਲ ਅਤੇ ਡਾ.ਗੁਰਮੇਜ ਰਾਮ ਗੁਰਾਇਆ ਨੋਡਲ ਅਫ਼ਸਰ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ।
ਕੈਪ ਦੌਰਾਨ ਡੀ.ਸੀ.ਪੀ.ਓ, ਸੀ.ਡੀ.ਪੀ.ਓ, ਸਕਿੱਲ ਵਿਕਾਸ ਮਿਸ਼ਨ, ਏ.ਆਰ.ਟੀ ਸਟਾਫ਼, ਆਈ.ਸੀ.ਟੀ.ਸੀ ਸੈਂਟਰ, ਟੀ.ਆਈ ਸੈਂਟਰ ਅਤੇ ਵਿਹਾਨ ਸੈਂਟਰ ਵੱਲੋਂ ਐੱਚ.ਆਈ.ਵੀ/ਏਡਜ਼ ਪ੍ਰਭਾਵਿਤ ਲੋਕਾਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜਿਕ ਸਕੀਮਾਂ ਨਾਲ ਏਡਜ਼ ਪ੍ਰਭਾਵਿਤ ਲੋਕਾਂ ਨੂੰ ਜੋੜਨਾ ਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਸੀ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪ੍ਰਦੀਪ ਅਗਰਵਾਲ ਅਤੇ ਡਾ.ਗੁਰਮੇਜ ਰਾਮ ਗੁਰਾਇਆ ਨੋਡਲ ਅਫ਼ਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਆਦਮੀ ਨੂੰ ਆਪਣੇ ਜੀਵਨ ਵਿੱਚ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਚਾਹੀਦਾ ਹੈ, ਤਾਂ ਜੋ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਅਸੀਂ ਬਚੇਂ ਰਹੀਏ। ਹਰ ਵਿਅਕਤੀ ਨੂੰ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ ਆਪਣੇ-ਆਪ ਅਤੇ ਸਮਾਜ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਜੇਕਰ ਇਸ ਬਿਮਾਰੀ ਦਾ ਸ਼ੁਰੂਆਤ ਤੋਂ ਹੀ ਪਤਾ ਲੱਗ ਜਾਵੇ ਤਾਂ ਬਿਮਾਰੀ ਦੀ ਰੋਕਥਾਮ ਲਈ ਲਗਾਤਾਰ ਦਵਾਈ ਦਾ ਸਹਾਰਾ ਲੈ ਕੇ ਏਡਜ਼ ਪ੍ਰਭਾਵਿਤ ਵਿਅਕਤੀ ਲੰਬੀ ਜ਼ਿੰਦਗੀ ਜੀਵਨ ਬਤੀਤ ਕਰ ਸਕਦਾ ਹੈ। ਇਸ ਤੋਂ ਬਚਾਓ ਦਾ ਇੱਕੋ-ਇੱਕ ਸਾਧਨ ਜਾਣਕਾਰੀ ਹੀ ਹੈ, ਜੋ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਇਹ ਜਾਣਕਾਰੀ ਅਸੀਂ ਘਰ-ਘਰ ਪਹੁੰਚਾਈਏ।