ਫਿਰੋਜ਼ਪੁਰ 12 ਅਪ੍ਰੈਲ (ਗੁਰਿੰਦਰ ਸਿੰਘ) ਸਿਵਲ ਹਸਪਤਾਲ ਵਿੱਚ ਅਸਲਾ ਲਾਇਸੰਸ ਲਈ ਹੋਣ ਵਾਲੇ ਡੋਪ ਟੈਸਟ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਸਿਸਟਮ ਵਿੱਚ ਸੁਧਾਰ ਲਿਆਉਣ ਲਈ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇੱਕ ਨਵੀਂ ਪਹਿਲ ਕੀਤੀ ਹੈ। ਹੁਣ ਡੋਪ ਟੈਸਟ ਦੀ ਸਾਰੀ ਪ੍ਰਕਿਰਿਆ ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀ) ਦੀ ਨਿਗਰਾਨੀ ਵਿੱਚ ਹੋਵੇਗੀ। ਸ਼ੁੱਕਰਵਾਰ ਨੂੰ ਇੱਕ ਬੈਠਕ ਵਿੱਚ ਡਿਪਟੀ ਕਮਿਸ਼ਨਰ ਨੇ ਜੀ.ਓ.ਜੀ ਦੇ ਡਿਸਟ੍ਰਿਕਟ ਕੁਆਰਡੀਨੇਟਰ ਜਨ. ਚੌਹਾਨ ਨੂੰ ਸਿਵਲ ਹਸਪਤਾਲ ਵਿੱਚ ਜੀ.ਓ.ਜੀ. ਦੀ ਇੱਕ ਟੀਮ ਤੈਨਾਤ ਕਰਨ ਲਈ ਕਿਹਾ ਹੈ। ਇਹ ਟੀਮ ਡੋਪ ਟੈਸਟ ਦੇ ਲਈ ਆਉਣ ਵਾਲੇ ਵਿਅਕਤੀਆਂ ਦੀ ਫ਼ੀਸ ਭਰਨ, ਸੈਂਪਲ ਜਮਾਂ ਕਰਵਾਉਣ ਅਤੇ ਟੈਸਟ ਰਿਪੋਰਟ ਤੱਕ ਦੀ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਰੱਖੇਗੀ। ਨਿਗਰਾਨੀ ਦੇ ਦੌਰਾਨ ਸਿਸਟਮ ਵਿੱਚ ਜੇਕਰ ਕੋਈ ਖ਼ਰਾਬੀ ਪਾਈ ਗਈ ਤਾਂ ਉਸ ਦੀ ਰਿਪੋਰਟ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੂੰ ਮਿਲੇਗੀ। ਡਿਪਟੀ ਕਮਿਸ਼ਨਰ ਜੀ.ਓ.ਜੀ. ਦੇ ਫੀਡ ਬੈਕ ਦੇ ਆਧਾਰ ਤੇ ਕਾਰਵਾਈ ਕਰਨਗੇ। ਬੈਠਕ ਵਿੱਚ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਉਸ ਕੋਲ ਲੋਕਾਂ ਦਾ ਫੀਡ ਬੈਕ ਸੀ ਕਿ ਡੋਪ ਟੈਸਟ ਵਿੱਚ ਕੁੱਝ ਕਮੀਆਂ ਹਨ। ਫੀਡ ਬੈਕ ਵਿੱਚ ਇਹ ਅੰਦੇਸ਼ਾ ਜਤਾਇਆ ਗਿਆ ਹੈ ਕਿ ਪਾਜੀਟਿਵ ਰਿਪੋਰਟ ਦੇ ਬਾਵਜੂਦ ਕੁੱਝ ਲੋਕਾਂ ਦੇ ਡੋਪ ਟੈਸਟ ਪਾਸ ਹੋ ਰਹੇ ਹਨ। ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸਰਲ ਬਣਾਉਣ ਦੇ ਲਈ ਜੀ.ਓ.ਜੀ. ਤੈਨਾਤ ਕਰਨ ਦਾ ਫ਼ੈਸਲਾ ਲਿਆ। ਜੀ.ਓ.ਜੀ. ਦੇ ਡਿਸਟ੍ਰਿਕਟ ਕੋਆਰਡੀਨੇਟਰ ਜਨ. ਐੱਸ.ਐੱਸ. ਚੌਹਾਨ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਉਹ ਆਪਣੇ ਵਿਭਾਗ ਵੱਲੋਂ ਇੱਕ ਸੁਪਰਡੈਂਟ ਅਤੇ ਇੱਕ ਜੀ.ਓ.ਜੀ. ਤੈਨਾਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਜੀ.ਓ.ਜੀ. ਦੀ ਡਿਊਟੀ ਬਦਲੀ ਜਾਵੇਗੀ। ਉਨ੍ਹਾਂ ਨੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੂੰ ਜੀ.ਓ.ਜੀ. ਦੇ ਸਟਾਫ਼ ਮੈਂਬਰਾਂ ਨੂੰ ਪੂਰੀ ਪ੍ਰਕਿਰਿਆ ਦੇ ਬਾਰੇ ਟ੍ਰੇਨਿੰਗ ਦੇਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੋਵੇ ਕਿ ਡੋਪ ਟੈਸਟ ਦੀ ਪ੍ਰਕਿਰਿਆ ਕਿਵੇਂ ਸਪੰਨ ਹੋਵੇਗੀ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਤੋਂ ਹਰ ਹਫ਼ਤੇ ਡੋਪ ਟੈਸਟ ਵਾਲਾ ਲੈਬ ਟੈਕਨੀਸ਼ੀਅਨ ਵੀ ਬਦਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਡੋਪ ਟੈਸਟ ਵਾਲੇ ਬਲਾਕ ਵਿੱਚ ਬਦਲ-ਬਦਲ ਕੇ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਪਾਰਦਰਸ਼ਤਾ ਪੂਰੀ ਤਰ੍ਹਾਂ ਨਾਲ ਬਣੀ ਰਹੇ। ਬੈਠਕ ਵਿੱਚ ਇੱਕ ਹੋਰ ਫ਼ੈਸਲਾ ਲਿਆ ਗਿਆ ਕਿ ਸਿਵਲ ਹਸਪਤਾਲ ਵਿੱਚ ਚੱਲਣ ਵਾਲੇ ਓਟਸ ਸੈਂਟਰ ਅਤੇ ਓ.ਐੱਸ.ਟੀ. ਕਲੀਨਿਕ ਦੀ ਨਿਗਰਾਨੀ ਵੀ ਜੀ.ਓ.ਜੀ. ਵੱਲੋਂ ਕੀਤੀ ਜਾਵੇਗੀ। ਇਸ ਸੈਂਟਰ ਵਿੱਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੀ ਸਾਰੀ ਪ੍ਰਕਿਰਿਆ ਜੀ.ਓ.ਜੀ. ਦੀ ਨਿਗਰਾਨੀ ਵਿੱਚ ਹੋਵੇਗੀ। ਇਸ ਪ੍ਰਕਿਰਿਆ ਨੂੰ ਲੈ ਕੇ ਜੀ.ਓ.ਜੀ. ਆਪਣਾ ਫੀਡ ਬੈਕ ਸਿੱਧੇ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੂੰ ਦੇਣਗੇ। ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਦੇ ਲਈ ਰੋਜ਼ਾਨਾ 25 ਤੋਂ 30 ਵਿਅਕਤੀ ਆਉਂਦੇ ਹਨ। ਇਸ ਤਰ੍ਹਾਂ ਓਟਸ ਸੈਂਟਰ ਵਿੱਚ 300 ਤੋਂ ਜ਼ਿਆਦਾ ਲੋਕ ਨਸ਼ਾ ਛੁਡਾਉਣ ਦੀਆਂ ਦਵਾਈਆਂ ਲੈ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ. ਗੈਂਦ ਨੇ ਕਿਹਾ ਕਿ ਫਿਰੋਜ਼ਪੁਰ ਦੇ ਪੱੱਛੜਿਆ ਜ਼਼ਿ਼ਲਾ ਹੁੰਦਿਆਂ ਉਨ੍ਹਾਂ ਦਾ ਸਿੱਧਾ ਫੋਕਸ ਹੈਲਥ ਅਤੇ ਸਿੱਖਿਆ ਤੇ ਹੈ। ਇਸ ਨੂੰ ਬਿਹਤਰ, ਪਾਰਦਰਸ਼ੀ ਅਤੇ ਵਧੀਆ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਨੂੰ ਲੈ ਕੇ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਪਾਸ ਆ ਕੇ ਸ਼ਿਕਾਇਤ ਦਾਖਿਲ ਕਰ ਸਕਦੇ ਹਨ।