ਲੋਕੇਸ਼ ਰਿਸ਼ੀ
ਗੁਰਦਾਸਪੁਰ, 28 ਅਪ੍ਰੈਲ 2019 : ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਕੁਮਾਰ ਭੱਲਾ ਨੇ ਲੋਕਾਂ ਨੂੰ ਵਧਦੇ ਤਾਪਮਾਨ ਦੇ ਮੱਦੇਨਜ਼ਰ ਲੂ ਤੋਂ ਬਚਣ ਲਈ ਸਾਵਧਾਨੀਆਂ ਅਮਲ ਵਿੱਚ ਲਿਆਉਣ ਦੀ ਸਲਾਹ ਦਿੱਤੀ ਹੈ। ਡਾ. ਭੱਲਾ ਨੇ ਕਿਹਾ ਕਿ ਜੇਕਰ ਅਸੀਂ ਲੂ ਤੋਂ ਬਚਣ ਦੇ ਇਨ੍ਹਾਂ ਉਪਾਵਾਂ ਪ੍ਰਤੀ ਜਾਗਰੂਕ ਨਹੀਂ ਹੋਵਾਂਗੇ ਤਾਂ ਅਸੀਂ ਆਪਣੇ ਆਪ ਨੂੰ ਜੋਖ਼ਮ ਵਿੱਚ ਪਾ ਰਹੇ ਹੋਵਾਂਗੇ। ਉਨ੍ਹਾਂ ਦੱਸਿਆ ਕਿ ਲੂ ਤੋਂ ਬਚਾਅ ਲਈ ਸਾਨੂੰ ਰੋਜ਼ਾਨਾ ਮੌਸਮ ਬਾਰੇ ਰੇਡੀਉ, ਟੀ.ਵੀ. ਜਾਂ ਅਖ਼ਬਾਰਾਂ ਤੇ ਹੋਰ ਸਾਧਨਾਂ ਰਾਹੀਂ ਤਾਪਮਾਨ ਅਤੇ ਗਰਮ ਹਵਾਵਾਂ ਬਾਰੇ ਜਾਣਕਾਰੀ ਰੱਖਣੀ ਪਵੇਗੀ।
ਉਨ੍ਹਾਂ ਨੇ ਕਿਹਾ ਕਿ ਗਰਮੀ ਦੇ ਮੌਸਮ 'ਚ ਜੇ ਪਿਆਸ ਨਾ ਵੀ ਲੱਗੀ ਹੋਵੇ ਤਾਂ ਵੀ ਵੱਧ ਤੋਂ ਵੱਧ ਪਾਣੀ ਪੀਣਾ ਲਾਜ਼ਮੀ ਬਣਾਇਆ ਜਾਵੇ। ਹਵਾਦਾਰ ਹਲਕੇ ਖਾਦੀ ਕੱਪੜੇ ਪਾਉਣ ਨੂੰ ਤਰਜੀਹ ਦਿੱਤੀ ਜਾਵੇ। ਧੁੱਪ ਤੋਂ ਬਚਣ ਲਈ ਐਨਕਾਂ, ਛਤਰੀ, ਹੈਟ, ਜੁੱਤੇ ਆਦਿ ਪਾ ਕੇ ਹੀ ਬਾਹਰ ਨਿਕਲਿਆ ਜਾਵੇ ਅਤੇ ਪਾਣੀ ਨਾਲ ਜ਼ਰੂਰ ਰੱਖਿਆ ਜਾਵੇ। ਜੇ ਕੋਈ ਬਾਹਰ ਕੰਮ ਕਰਨ ਜਾਂਦਾ ਹੈ ਤਾਂ ਉਹ ਆਪਣੇ ਸਰੀਰ ਨੂੰ ਚੰਗੀ ਤਰਾਂ ਢੱਕ ਕੇ ਜਾਵੇ। ਓ.ਆਰ.ਐਸ. ਘੋਲ, ਲੱਸੀ, ਪਿੱਛ (ਚੌਲਾਂ ਦਾ ਪਾਣੀ), ਨਿੰਬੂ ਪਾਣੀ, ਲੱਸੀ ਆਦਿ ਨੂੰ ਸਰੀਰਕ ਲੋੜ ਮੁਤਾਬਿਕ ਨਾਲ ਰੱਖਿਆ ਜਾਵੇ। ਲੂ ਲੱਗਣ ਦੇ ਲੱਛਣਾਂ ਜਿਵੇਂ ਕਮਜ਼ੋਰੀ, ਸੁਸਤੀ, ਸਿਰ ਦਰਦ, ਨਜ਼ਲਾ, ਪਸੀਨਾ ਅਤੇ ਦੌਰਿਆਂ ਆਦਿ ਤੋਂ ਪੀੜਤ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
ਡਾ. ਭੱਲਾ ਨੇ ਘਰਾਂ ਨੂੰ ਠੰਢੇ ਰੱਖਣ, ਪਰਦਿਆਂ ਦੀ ਵਰਤੋਂ ਕਰਨ ਅਤੇ ਰਾਤ ਨੂੰ ਖਿੜਕੀਆਂ ਖੋਲ੍ਹਣ ਦੀ ਸਲਾਹ ਦਿੱਤੀ ਹੈ। ਪੱਖੇ ਦੀ ਵਰਤੋਂ ਅਤੇ ਠੰਢੇ ਪਾਣੀ ਨਾਲ ਦਿਨ 'ਚ ਇੱਕ ਤੋਂ ਵੱਧ ਵਾਰ ਨਹਾਉਣ ਲਈ ਵੀ ਆਖਿਆ ਗਿਆ ਹੈ। ਕੰਮ ਵਾਲੀਆਂ ਥਾਂਵਾਂ 'ਤੇ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਠੰਢੇ ਪਾਣੀ ਦਾ ਪ੍ਰਬੰਧ ਕਰਨ, ਕਾਮਿਆਂ ਨੂੰ ਸਿੱਧੀ ਸੂਰਜੀ ਰੌਸ਼ਨੀ ਤੋਂ ਪਰਹੇਜ਼ ਕਰਨ, ਮੁਸ਼ੱਕਤੀ ਕੰਮ ਦਿਨ ਦੇ ਠੰਢੇ ਵੇਲੇ ਵਿੱਚ ਕਰਨ, ਆਊਟਡੋਰ ਗਤੀਵਿਧੀਆਂ ਲਈ ਅਰਾਮ ਦੇ ਪੜਾਵਾਂ ਵਿੱਚ ਵਾਧਾ ਕਰਨ ਅਤੇ ਗਰਭਵਤੀ ਮਹਿਲਾ ਕਾਮਿਆਂ 'ਤੇ ਵਧਦੇ ਤਾਪਮਾਨ ਵਿੱਚ ਵਿਸ਼ੇਸ਼ ਧਿਆਨ ਦੇਣ ਲਈ ਆਖਿਆ ਗਿਆ ਹੈ।
ਲੂ ਤੋਂ ਬਚਣ ਲਈ ਕੁੱਝ ਨਾ ਕਰਨਯੋਗ ਗੱਲਾਂ ਬਾਰੇ ਵੀ ਸੁਝਾਇਆ ਗਿਆ ਹੈ। ਇਨ੍ਹਾਂ ਵਿੱਚ ਬੱਚਿਆਂ ਨੂੰ ਖੜੇ ਕੀਤੇ ਵਾਹਨਾਂ ਵਿੱਚ ਨਾ ਛੱਡਣਾ, ਗਰਮੀ ਵਿੱਚ ਖ਼ਾਸ ਕਰ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ, ਗੂੜ੍ਹੇ, ਭਾਰੀ ਜਾਂ ਤੰਗ ਕੱਪੜੇ ਨਾ ਪਹਿਨਣ, ਤਾਪਮਾਨ ਵਧੇਰੇ ਹੋਣ 'ਤੇ ਮੁਸ਼ੱਕਤੀ ਕੰਮ ਤੋਂ ਗੁਰੇਜ਼ ਕਰਨ, ਤਾਪਮਾਨ ਦੇ ਵਾਧੇ ਦੇ ਸਮੇਂ ਵਿੱਚ ਖਾਣਾ ਪਕਾਉਣ ਤੋਂ ਗੁਰੇਜ਼ ਕਰਨਾ ਅਤੇ ਖਾਣਾ ਬਣਾਉਣ ਵਾਲੀ ਥਾਂ ਹਵਾਦਾਰ ਹੋਣ, ਅਲਕੋਹਲ, ਚਾਹ, ਕੌਫ਼ੀ ਅਤੇ ਕਾਰਬੋਨੇਟਡ ਸਾਫ਼ਟ ਡਰਿੰਕਸ ਤੋਂ ਪਰਹੇਜ਼ ਕਰਨ ਅਤੇ ਵਧੇਰੇ ਪ੍ਰੋਟੀਨ ਯੁਕਤ ਅਤੇ ਬੇਹਾ ਖਾਣਾ ਖਾਣ ਤੋਂ ਬਚਾਅ ਰੱਖਣਾ ਆਦਿ ਸ਼ਾਮਿਲ ਹਨ