ਲੁਧਿਆਣਾ, 27 ਮਈ 2019 - ਮਾਤਾ ਸਾਹਿਬ ਕੌਰ ਸਪੋਰਸਟ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ ਨੌਵੇਂ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ 7ਵੇਂ ਦਿਨ ਜਿੱਥੇ ਫਰਿਜਨੋ ਫੀਲਡ ਹਾਕੀ ਕਲੱਬ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੇ ਆਪੋ ਆਪਣੇ ਵਰਗਾਂ ਵਿੱਚ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ। ਉੱਥੇ ਗਰੇਵਾਰ ਕਲੱਬ ਕਿਲਾ ਰਾਏਪੁਰ ਨੇ ਸ਼ੇਰੇ ਸੁਲਤਾਨਪੁਰ ਨੂੰ 18-1 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ।
ਜਰਖੜ ਖੇਡ ਸਟੇਡੀਅਮ ਵਿਖੇ ਫਲੱਡ ਲਾਇਟਾਂ ਦੀ ਰੌਸ਼ਨੀ ਵਿੱਚ ਖੇਡੇ ਜਾ ਰਹੇ ਇਸ ਫੈਸਟੀਵਲ ਦੇ ਪਹਿਲੇ ਮੁਕਾਬਲੇ ਵਿਚ ਫਰਿਜਨੋ ਫੀਲਡ ਹਾਕੀ ਕਲੱਬ ਨੇ ਬਹੁਤ ਹੀ ਫਸਵੇ ਅਤੇ ਰੋਮਾਂਚਿਕ ਮੁਕਾਬਲੇ ਵਿਚ ਅਕਾਲਗੜ੍ਹ ਨੂੰ 6-3 ਨਾਲ ਹਰਾ ਕੇ ਆਖਰੀ ਚਾਰਾਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਜੇਤੂ ਟੀਮ ਵੱਲੋਂ ਗੁਰਸਤਿੰਦਰ ਸਿੰਘ ਪਰਗਟ ਨੇ ਅਤੇ ਲਵਜੀਤ ਸਿੰਘ ਨੇ 2-2, ਹੁਕਮ ਸਿੰਘ ਅਤੇ ਜੁਗਿੰਦਰ ਸਿੰਘ ਨੇ 1-1 ਗੋਲ ਕੀਤਾ। ਜਦੋਂ ਕਿ ਅਕਾਲਗੜ੍ਹ ਵੱਲੋਂ ਕੁਲਵਿੰਦਰ ਸਿੰਘ ਨੇ 2 ਦਲਜੀਤ ਸਿੰਘ ਨੇ 1 ਗੋਲ ਕੀਤਾ।
ਸੀਨੀਅਰ ਵਰਗ ਦੇ ਹੀ ਦੂਸਰੇ ਮੁਕਾਬਲੇ ਵਿੱਚ ਗਰੇਵਾਲ ਕਲੱਬ ਕਿਲਾ ਰਾਏਪੁਰ ਨੇ ਸ਼ੇਰੇ ਸੁਲਤਾਨਪੁਰ ਕਲੱਬ ਖਿਲਾਫ਼ ਮੈਚ ਨੂੰ ਇੱਕ ਤਰਫਾ ਕਰਦਿਆਂ 18-1 ਦੀ ਕਰਾਰੀ ਮਾਤ ਦਿੱਤੀ। ਜੂਨੀਅਰ ਵਰਗ ਅੰਡਰ 17 ਸਾਲ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੇ ਕਿਲਾ ਰਾਏਪੁਰ ਸਕੂਲ ਨੂੰ ਇੱਕ ਫਸਵੇਂ ਮੁਕਾਬਲੇ 'ਚ 6-5 ਨਾਲ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਬਣਾਈ।
ਅੱਜ ਦੇ ਮੈਚਾਂ ਦੌਰਾਨ ਕਮਲਜੀਤ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਨੇ ਮੁੱਖ ਮਹਿਮਾਨ ਵੱਜੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਸ. ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਣ 'ਚ ਬੋਲਦਿਆਂ ਆਖਿਆ ਜਰਖੜ ਖੇਡ ਸਟੇਡੀਅਮ ਪੰਜਾਬ ਦੇ ਖੇਡ ਸੱਭਿਆਚਾਰ ਦੀ ਇੱਕ ਵਿਰਾਸਤ ਬਣ ਚੁੱਕਾ ਹੈ। ਪੰਜਾਬ ਸਰਕਾਰ ਇਸ ਸਟੇਡੀਅਮ ਅਤੇ ਜਰਖੜ ਹਾਕੀ ਅਕੈਡਮੀ ਦੀ ਬਿਹਤਰੀ ਲਈ ਹਰ ਤਰ੍ਹਾਂ ਦੀ ਮਦਦ ਕਰੇਗੀ। ਇਸ ਮੌਕੇ ਜਰਖੜ ਖੇਡ ਟਰੱਸਟ ਦੇ ਪ੍ਰਬੰਧਕਾਂ ਵੱਲੋਂ ਕਮਲਜੀਤ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਗੁਰਜੀਤ ਸਿੰਘ ਚੂਹੜਚੱਕ ਕੋਲਕਾਤਾ, ਸਰਪੰਚ ਰਣਬੀਰ ਸਿੰਘ ਮਹਿਮੀ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਟੀਮਾਂ ਨਾਲ ਜਾਣ-ਪਹਿਚਾਣ ਕੀਤੀ। ਮੁੱਖ ਪ੍ਰਬੰਧ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਜਸਪਾਲ ਸਿੰਘ ਸ਼ੰਕਰ, ਜਸਪ੍ਰੀਤ ਸਿੰਘ ਕਿਸ਼ਨਗੜ੍ਹ, ਮਨਪ੍ਰੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਬੇਰ ਕਲਾਂ, ਰਣਜੀਤ ਸਿੰਘ ਦੁਲੇਅ, ਅਜੀਤ ਸਿੰਘ ਲਾਦੀਆਂ, ਗੁਰਮਨਪ੍ਰੀਤ ਸਿੰਘ ਚੂਹੜਚੱਕ, ਗੁਰਦੀਪ ਸਿੰਘ ਲੁਧਿਆਣਾ, ਸ਼ਿੰਗਾਰਾ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ ਆਦਿ ਹੋਰ ਵਿਸ਼ੇਸ਼ ਤੌਰ 'ਤੇ ਹਾਜਰ ਸਨ।
ਜਗਰੂਪ ਸਿੰਘ ਜਰਖੜ ਨੇ ਦੱਸਿਆ ਇਸ ਹਾਕੀ ਫੈਸਟੀਵਲ ਦੇ 29 ਮਈ ਨੂੰ ਅੰਡਰ 17 ਦੇ ਸੈਮੀਫਾਈਨਲ ਮੁਕਾਬਲੇ ਪੀਪੀਐੱਸ ਨਾਭਾ ਬਨਾਮ ਘਵੱਦੀ ਸਕੂਲ, ਦੂਸਰਾ ਮੈਚ ਜਰਖੜ ਅਕੈਡਮੀ ਬਨਾਮ ਅਮਰਗੜ੍ਹ ਸਕੂਲ, ਇਸ ਤੋਂ ਇਲਾਵਾ ਸੀਨੀਅਰ ਵਰਗ ਦੇ ਕੁਆਟਰ ਫਾਈਨਲ ਮੁਕਾਬਲੇ ਕਿਲਾ ਰਾਏਪੁਰ ਬਨਾਮ ਜੰਗ ਕਲੱਬ ਉਟਾਲਾਂ, ਆਖਰੀ ਮੈਚ ਅਮਰਗੜ੍ਹ ਬਨਾਮ ਅਜ਼ਾਦ ਕਲੱਬ ਹਠੂਰ ਵਿਚਕਾਰ ਮੈਚ ਖੇਡੇ ਜਾਣਗੇ। ਜਦੋਂ ਕਿ 30 ਮਈ ਨੂੰ ਸਬ ਜੂਨੀਅਰ ਦੇ ਕੁਆਟਰ ਫਾਈਨਲ ਅਤੇ ਸੈਮੀਫਾਈਨਲ ਮੁਕਾਬਲੇ ਹੋਣਗੇ।
ਫੋਟੋ ਕੈਪਸ਼ਨ - ਜਰਖੜ ਸਟੇਡੀਅਮ ਵਿਖੇ ਯੂਥ ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ ਦਾ ਸਨਮਾਨ ਕਰਦੇ ਹੋਏ ਜਗਰੂਪ ਸਿੰਘ ਜਰਖੜ, ਰਣਜੀਤ ਸਿੰਘ ਦੁਲੇਅ, ਅਜੀਤ ਸਿੰਘ ਲਾਦੀਆਂ ਅਤੇ ਹੋਰ ਪ੍ਰਬੰਧਕ।