ਯਾਦਵਿੰਦਰ ਸਿੰਘ ਤੂਰ
ਪਟਨਾ, 18 ਜੂਨ - ਪਿਛਲੇ ਕਈ ਦਿਨਾਂ ਤੋਂ 'ਚਮਕੀ ਬੁਖਾਰ' ਨੇ ਪੂਰੇ ਭਾਰਤ 'ਚ ਡਰ ਦਾ ਮਾਹੌਲ ਬਣਾਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਈ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਲੋਕ ਅੱਖਾਂ ਬੰਦ ਕਰਕੇ ਉਨ੍ਹਾਂ 'ਤੇ ਯਕੀਨ ਕਰ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਬੁਖਾਰ ਲੀਚੀ (ਫਲ) ਖਾਣ ਨਾਲ ਹੁੰਦਾ ਹੈ ਤੇ ਜਿਸਦਾ ਕੋਈ ਵੀ ਇਲਾਜ ਨਹੀਂ ਹੈ। ਲਾਈਵ ਇੰਡੀਆ 24*7 ਨਾਮੀ ਫੇਸਬੁੱਕ ਪੇਜ਼ 'ਤੇ ਇੱਕ ਵੀਡੀੳ 'ਚ ਇੱਕ ਆਦਮੀ ਵੱਲੋਂ ਹਿੰਦੀ 'ਚ ਲੀਚੀ ਵਿਚਕਾਰ ਇੱਕ ਕੀੜਾ ਦਿਖਾਇਆ ਜਾ ਰਿਹਾ ਹੈ ਤੇ ਹਿੰਦੀ 'ਚ ਉਸ ਫਲ ਨੂੰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਇਹ ਫਲ ਨਾ ਖੁਆਉਣ, ਨਹੀਂ ਤਾਂ ਬਹੁਤ ਨੁਕਸਾਨ ਹੋਏਗਾ।
ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਅਜਿਹਾ ਕੁਝ ਵੀ ਨਹੀਂ ਹੈ। ਸਿਹਤ ਵਿਭਾਗ ਵੱਲੋਂ ਲੀਚੀ ਖਾਣ ਨਾਲ ਅਜਿਹੀ ਬਿਮਾਰੀ ਹੋਣ ਬਾਰੇ ਕੁਝ ਨਹੀਂ ਕਿਹਾ ਗਿਆ। ਰਿਪੋਰਟ ਮੁਤਾਬਕ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਹ ਬੁਖ਼ਾਰ ਹੋਰਨਾਂ ਕਾਰਨਾਂ ਕਰਕੇ ਹੋ ਰਿਹਾ ਹੈ।
ਕਿਉਂ ਲੀਚੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ?
ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਮੁਜ਼ੱਫਰਪੁਰ ਲੀਚੀ ਦੇ ਬਾਗਾਂ ਲਈ ਮਸ਼ਹੂਰ ਹੈ ਅਤੇ ਇਸ ਵਕਤ ਇਲਾਕੇ ਵਿਚ ਰੇਸ਼ੇਦਾਰ ਲਾਲ ਫਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਖਾਸ ਕਰਕੇ 1995 ਤੋਂ ਤਕਰੀਬਨ ਹਰ ਸਾਲ, ਇਸ ਸਮੇਂ ਦੌਰਾਨ ਇਸ ਖੇਤਰ ਤੋਂ ਇਨਸੈਫੇਲਾਈਟਿਸ (ਅਜਿਹੀ ਬਿਮਾਰੀ ਜਿਸ ਨਾਲ ਦਿਮਾਗ ਫੁਲਾਵਟ 'ਚ ਆਉਣ ਲੱਗ ਜਾਂਦਾ ਹੈ ਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ) ਨਾਲ ਮੌਤਾਂ ਦੀ ਰਿਪੋਰਟ ਜ਼ਿਆਦਾ ਹੈ।
ਮੁਜ਼ੱਫਰਪੁਰ ਤੋਂ ਇਸ ਸਾਲ ਬੱਚਿਆਂ ਦੀ ਮੌਤ ਤੋਂ ਬਾਅਦ ਕਈ ਅਖ਼ਬਾਰਾਂ ਦੀਆਂ ਰਿਪੋਰਟਾਂ ਨੇ ਲੀਚੀ ਨੂੰ ਬੱਚਿਆਂ ਦੀ ਮੌਤ ਦਾ ਕਾਰਨ ਦੱਸਿਆ। ਮੀਡੀਆ ਹਾਊਸਾਂ ਨੇ ਅਮਰੀਕਾ ਅਤੇ ਭਾਰਤ ਦੇ ਵਿਗਿਆਨੀਆਂ ਦੁਆਰਾ ਇਕ ਸੰਯੁਕਤ ਅਧਿਐਨ ਦਾ ਜ਼ਿਕਰ ਕੀਤਾ ਹੈ, ਜੋ 2017 ਵਿਚ ਅੰਤਰਰਾਸ਼ਟਰੀ ਮੈਡੀਕਲ ਜਰਨਲ "ਦ ਲਾਂਸੇਟ" ਵਿਚ ਛਾਪਿਆ ਗਿਆ ਹੈ।
ਇਸ ਰਿਪੋਰਟ ਦੇ ਅਨੁਸਾਰ, "ਮੁਜ਼ੱਫਰਪੁਰ ਵਿੱਚ ਗੰਭੀਰ ਏਂਸੀਫੋਲੋਪਥੀ ਦੇ ਫੈਲਣ ਦੇ ਦੋਵੇਂ ਹਾਈਪੋੋਗਲਾਈਕਿਨ ਏ ਅਤੇ ਐਮਸੀਪੀਜੀ ਜ਼ਹਿਰੀਲੇ ਤੱਤ ਹਨ।'' ਇਹ ਦੋਵੇਂ ਤੱਤ ਲੀਚੀ ਵਿਚ ਕੁਦਰਤੀ ਤੌਰ ਤੇ ਮੌਜੂਦ ਹਨ।
'ਦ ਲਾਂਸੇਟ' ਦੀ ਰਿਪੋਰਟ ਨੂੰ ਨਕਾਰਦੀ ਸਟੱਡੀ
2017 ਵਿਚ "ਦ ਅਮੈਰੀਕਨ ਜਰਨਲ ਆਫ਼ ਟ੍ਰੌਪੀਕਲ ਮੈਡੀਸਨ ਐਂਡ ਹਾਈਜੀਨ" (ਏਐਸਟੀਐਮਐਚ) ਵਿਚ ਛਪੇ ਬੰਗਲਾਦੇਸ਼ ਅਤੇ ਅਮਰੀਕੀ ਵਿਗਿਆਨੀ ਦੁਆਰਾ ਇਕ ਹੋਰ ਸੰਯੁਕਤ ਖੋਜ ਨੇ "ਦਿ ਲਾਂਸੈਟ" ਵਿਚ ਪ੍ਰਕਾਸ਼ਿਤ ਅਧਿਐਨ ਨੂੰ ਖਾਰਜ ਕੀਤਾ। ਰਿਪੋਰਟ ਨੇ ਇਹ ਸਿੱਟਾ ਕੱਢਿਆ ਕਿ ਇਹ ਲੀਚੀ ਨਹੀਂ ਹੈ ਪਰ ਪਾਬੰਦੀਸ਼ੁਦਾ ਕੀਟਨਾਸ਼ਕਾਂ ਕਾਰਨ ਮੌਤ ਹੋਈ ਹੈ।
ਖ਼ੈਰ ਫਿਲਹਾਲ ਇਹ ਕਹਿਣਾ ਸਹੀ ਨਹੀਂ ਹੋਏਗਾ ਕਿ ਲੀਚੀ ਖਾਣ ਨਾਲ ਇਹ ਬੁਖਾਰ ਫੈਲ ਰਿਹਾ ਹੈ। ਕਿਉਂਕਿ ਮੀਡੀਆ ਰਿਪੋਰਟਾਂ 'ਚ ਛਪੀਆਂ ਸਿਹਤ ਮਾਹਿਰਾਂ ਜਾਂ ਡਾਕਟਰਾਂ 'ਚੋਂ ਬਹੁਤਿਆਂ ਨੇ 'ਦ ਲਾਂਸੇਟ' ਦੀ ਰਿਪੋਰਟ ਨੂੰ ਨਕਾਰਿਆ ਹੈ। ਡਕਾਟਰਾਂ ਦਾ ਕਹਿਣਾ ਹੈ ਕਿ ''ਵਾਇਰਲ ਹੋਈ ਵੀਡੀੳ 'ਚ ਦਿਖਾਇਆ ਜਾ ਰਿਹੈ ਕਿ ਲੀਚੀ 'ਚ ਕੀੜੇ ਕਾਰਨ ਮੌਤਾਂ ਹੋ ਰਹੀਆਂ ਨੇ, ਪਰ ਕੀੜਾ ਕਿਸੇ ਵੀ ਫਲ 'ਚ ਹੋ ਸਕਦਾ ਹੈ।'' ਕਈਆਂ ਦਾ ਕਹਿਣਾ ਹੈ ਕਿ ਲੀਚੀ ਖਾਣਾ ਸਿਹਤ ਲਈ ਹਾਨੀਕਾਰਕ ਨਹੀਂ ਹੈ ਤੇ ਲੀਚੀ ਨਾਲ ਮੌਤਾਂ ਹੋਣ ਦੀਆਂ ਖ਼ਬਰਾਂ ਨੂੰ ਉਨ੍ਹਾਂ ਨਕਾਰਿਆ ਹੈ।
ਫਿਲਹਾਲ ਡਾਕਟਰਾਂ ਅਤੇ ਖੋਜਕਰਤਾਵਾਂ ਦੁਆਰਾ ਮੁਜ਼ੱਫਰਪੁਰ 'ਚ ਹੋ ਰਹੀਆਂ ਮੌਤਾਂ ਦਾ ਕਾਰਨ ਅਜੇ ਲੱਭਣਾ ਹੈ ਜਿਸ 'ਚ ਸਾਫ ਹੋ ਜਾਏਗਾ ਕਿ ਲੀਚੀ ਹੀ ਬਿਮਾਰੀ ਦੀ ਅਸਲ ਵਜ੍ਹਾ ਹੈ ਜਾਂ ਨਹੀਂ, ਪਰ ਸੋਸ਼ਲ ਮੀਡਿਆ ਯੂਸਰਜ਼ ਦੁਆਰਾ ਪੈਨਿਕ ਬਟਨ ਦਬਾ ਕੇ ਲੋਕਾਂ ਨੂੰ ਫ਼ਲ ਖਾਣਾ ਬੰਦ ਕਰਨ ਲਈ ਜਰੂਰ ਕਿਹਾ ਜਾ ਰਿਹਾ ਹੈ।
ਬਿਹਾਰ 'ਚ ਬੱਚਿਆਂ ਦੀਆਂ ਮੌਤਾਂ ਦਾ ਅੰਕੜਾ 100 ਤੋਂ ਹੋਇਆ ਪਾਰ
ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ 'ਚ ਚਮਕੀ ਬੁਖ਼ਾਰ (ਏ. ਈ. ਐੱਸ.) ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਕਾਰਨ ਇੱਥੇ ਹੁਣ ਤੱਕ 128 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਹਸਪਤਾਲਾਂ 'ਚ ਬਿਮਾਰ ਬੱਚਿਆਂ ਦੀ ਵੀ ਗਿਣਤੀ ਵੀ ਵਧਦੀ ਜਾ ਰਹੀ ਹੈ। ਬੁਖ਼ਾਰ ਨਾਲ ਪੀੜਤ ਵਧੇਰੇ ਬੱਚੇ ਮੁਜ਼ੱਫਰਪੁਰ ਦੇ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਕੇਜਰੀਵਾਲ ਹਸਪਤਾਲ 'ਚ ਦਾਖ਼ਲ ਹਨ। ਸ਼੍ਰੀ ਕ੍ਰਿਸ਼ਣਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਹੁਣ ਤੱਕ 108 ਅਤੇ ਕੇਜਰੀਵਾਲ ਹਸਪਤਾਲ 'ਚ 20 ਬੱਚਿਆਂ ਦੀ ਮੌਤ ਹੋ ਚੁੱਕੀ ਹੈ।