ਪੰਚਕੂਲਾ, 29 ਜੂਨ - ਪਾਰਸ ਹਸਪਤਾਲ ਪੰਚਕੂਲਾ ਦੇ ਡਾਕਟਰਾਂ ਅਤੇ ਮਾਹਿਰਾਂ ਦੀ ਟੀਮ ਨੇ ਲੋਕਾਂ ਵਿਚ ਮੋਟਾਪੇ ਅਤੇ ਇਸ ਦੇ ਨੁਕਸਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਪਾਰਸ ਸਪੁਰਸਪੈਸ਼ਸ਼ਿਲਿਟੀ ਹਸਪਤਾਲ ਦੇ ਬੈਰੀਐਟਿਰਿਕ ਅਤੇ ਲੈਪਰੋਸਕੋਪਿਕ ਸਰਜ਼ਰੀ ਦੇ ਮਾਹਿਰ ਡਾ. ਅਨੂਪਮ ਗੋਇਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਹੋਏ ਇਕ ਅਧਿਐਨ ਤੋਂ ਇਕ ਗੱਲ ਸਾਹਮਣੇ ਆਈ ਹੈ ਕਿ ਭਾਰਤ ਦੀ ਸ਼ਹਿਰੀ ਆਬਾਦੀ ਦੇ 70 ਫੀਸਦੀ ਲੋਕ ਮੋਟਾਪੇ ਦਾ ਸ਼ਿਕਾਰ ਹਨ। ਇਸ ਨਾਲ ਸਾਡਾ ਦੇਸ਼ ਮੋਟਾਪੇ ਦੀ ਵੱਡੀ ਸਮੱਸਿਆ ਵੱਲ ਵੱਧ ਰਿਹਾ ਹੈ।
ਡਾ. ਗੋਇਲ ਨੇ ਸਿਹਤ ਸਬੰਧੀ ਇਕ ਮੈਗਜੀਨ ਲਾਂਸੇ ਇੰਡੀਆ ਵਿਚ ਪ੍ਰਕਾਸ਼ਿਤ ਇਸ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਮੋਟੇ ਲੋਕ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸਾਡੀ ਬਾਲਕਾ ਦੀ ਆਬਾਦੀ ਵਿਚ 3 ਕਰੋੜ ਤੋਂ ਵੱਧ ਲੋਕ ਮੋਟਾਪੇ ਦੀ ਬੀਮਾਰੀ ਦਾ ਸ਼ਿਕਾਰ ਹਨ। ਡਾ. ਗੋਇਲ ਨੇ ਦੱਸਿਆ ਕਿ ਦੁਨੀਆ ਭਰ ਵਿਚ ਮੋਟਾਪੇ ਕਾਰਨ 2000 ਅਰਬ ਡਾਲਰ ਸਾਲਾਨਾ ਖਰਚਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ 6 ਕਰੋੜ 20 ਲੱਖ ਸ਼ੂਗਰ ਦੀ ਬੀਮਾਰੀ ਦੇ ਮਰੀਜ਼ ਜਾਂ ਤਾਂ ਬਹੁਤ ਜਿਆਦਾ ਮੋਟੇ ਹਨ ਤੇ ਜਾਂ ਉਨ੍ਹਾਂ ਦਾ ਭਾਰ ਜਰੂਰਤ ਨਾਲੋਂ ਵੱਧ ਹੈ। ਇਨ੍ਹਾਂ ਲੋਕਾਂ ਵਿਚ ਚਰਬੀ ਕਾਰਨ ਮੋਟਾਪਾ ਹੈ ਅਤੇ ਬਹੁਤੇ ਪੇਟੂ ਹਨ।
ਡਾ. ਗੋਇਲ ਨੇ ਇਹ ਵੀ ਦੱਸਿਆ ਕਿ ਮੋਟਾਪਾ ਸ਼ੂਗਰ ਦੀ ਬੀਮਾਰੀ ਲਈ ਵੀ ਜਿੰਮੇਵਾਰ ਹੈ। ਇਸ ਤੋਂ ਇਲਾਵਾ ਮੋਟਾਪੇ ਕਾਰਨ ਹੱਡੀਆਂ ਭੁਰਨ ਦੀ ਬੀਮਾਰੀ, ਮਹਾਂਵਾਰੀ ਵਿਚ ਬੇਨੇਮੀ, ਬਾਂਝਪਣ ਅਤੇ ਹਰਨੀਆ, ਕੈਂਸਰ ਤੇ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਪੁਰਾਣਾ ਮਿੱਥ ਹੈ ਕਿ ਮੋਟਾਪਾ ਅਮੀਰ ਲੋਕਾਂ ਦੀ ਬੀਮਾਰੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਮੋਟਾਪਾ ਸਿਰਫ਼ ਜਿਆਦਾ ਖਾਣ ਨਾਲ ਨਹੀਂ ਹੁੰਦਾ ਇਹ ਅਮੀਰ, ਗਰੀਬ ਦੋਹਾਂ ਨੂੰ ਹੋ ਸਕਦਾ ਹੈ।
ਡਾ. ਗੋਇਲ ਨੇ ਦੱਸਿਆ ਕਿ ਦੂਰਬੀਨ ਵਿਧੀ ਰਾਹੀਂ ਆਪ੍ਰੇਸ਼ਨ ਕਰ ਕੇ ਮੋਟਾਪਾ ਘਟਾਇਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਦੀ ਸਰਜ਼ਰੀ ਤੋਂ ਬਾਅਦ 90-95 ਫੀਸਦੀ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਤੋਂ ਨਿਜਾਤ ਮਿਲਦੀ ਹੈ।
ਪਾਰਸ ਹਸਪਤਾਲ ਦੇ ਫੈਕਲਿਟੀ ਡਾਇਰੈਕਟਰ ਅਸ਼ੀਸ਼ ਚੱਢਾ ਨੇ ਕਿਹਾ ਕਿ ਭਾਰਤ ਵਿਚ 60 ਫੀਸਦੀ ਸ਼ੂਗਰ ਦੇ ਮਰੀਜ਼ਾਂ ਵਿਚ ਮੋਟਾਦੇ ਦਾ ਲੱਛਣ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਮੋਟਾਪੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਬਹੁਤ ਜਰੂਰੀ ਹੈ।