ਬਟਾਲਾ, 8 ਜੁਲਾਈ - ਪਿੰਡ ਸਤਕੋਹਾ ਦੇ ਸੁਖਵਿੰਦਰ ਸਿੰਘ ਚਾਹਲ ਦੀ ਹੋਣਹਾਰ ਬੇਟੀ ਸ਼ਮੀਪ੍ਰੀਤ ਕੌਰ ਜੋ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਖੇਡ ਵਿਭਾਗ ਵਿੱਚ ਫੈਨਸਿੰਗ ਕੋਚ ਵਜੋਂ ਸੇਵਾਵਾਂ ਨਿਭਾਅ ਰਹੀ ਹੈ ਨੂੰ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਖੇਡ ਵਿਭਾਗ ਦੇ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਆਈ.ਏ.ਐੱਸ ਵੱਲੋਂ ਜਾਰੀ ਪੱਤਰ ਅਨੁਸਾਰ ਸ਼ਮੀਪ੍ਰੀਤ ਦੇ ਵਧੀਆ ਖੇਡ ਪ੍ਰਦਰਸ਼ਨ ਨੂੰ ਮੁੱਖ ਰੱਖਦੇ ਹੋਏ ਰਾਜ ਦੇ ਸਰਵਉੱਚ ਐਵਾਰਡ ਲਈ ਚੁਣਿਆ ਗਿਆ ਹੈ ਜੋ ਕਿ ਅੱਜ ਮਿਤੀ 9 ਜੁਲਾਈ ਨੂੰ ਚੰਡੀਗੜ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਜਾਵੇਗਾ। ਇਸ ਐਵਾਰਡ ਵਿੱਚ 2 ਲੱਖ ਰੁਪਏ ਦਾ ਚੈੱਕ, ਮਹਾਰਾਜਾ ਰਣਜੀਤ ਸਿੰਘ ਦੀ ਘੋੜੇ ਉੱਤੇ ਸਵਾਰ ਜੰਗੀ ਪੁਸਾਕ ਵਾਲੀ ਟਰਾਫੀ ਅਤੇ ਸਕਰੋਲ ਆਦਿ ਸ਼ਾਮਿਲ ਹਨ।
ਇੱਥੇ ਵਰਨਣਯੋਗ ਹੈ ਕਿ ਬਟਾਲਾ ਦੀ ਧੀ ਸ਼ਮੀਪ੍ਰੀਤ ਫੈਨਸਿੰਗ ਮੁਕਾਬਲਿਆਂ ਵਿੱਚ ਆਸਟਰੇਲੀਆ, ਚਾਈਨਾ, ਦੋਹਾ, ਸਾਊਥ ਕੋਰੀਆ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੀ ਹੈ। ਉਸ ਨੇ ਫੈਨਸਿੰਗ ਮੁਕਾਬਲੇ ਵਿੱਚ ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲ ਅਤੇ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡ ਅਤੇ ਬਰਾਊਨ ਮੈਡਲ ਜਿੱਤ ਆਪਣੇ ਦੇਸ਼ ਦਾ, ਸੂਬੇ ਪੰਜਾਬ ਦਾ, ਜ਼ਿਲਾ ਗੁਰਦਾਸਪੁਰ ਅਤੇ ਪਿੰਡ ਸਤਕੋਹਾ ਦਾ ਨਾਂ ਰੌਸਨ ਕੀਤਾ ਹੈ।
ਇਸ ਸਬੰਧੀ ਗੁਰਦੀਪ ਸਿੰਘ ਕਾਹਲੋਂ ਸਾਬਕਾ ਡਾਇਰੈਕਟਰ ਸਹਿਕਾਰੀ ਬੈਂਕ ਗੁਰਦਾਸਪੁਰ, ਗੁਰਵਿੰਦਰਪਾਲ ਸਿੰਘ ਵਿੱਕੀ ਡਾਇਰੈਕਟਰ ਖੰਡ ਮਿੱਲ ਬਟਾਲਾ, ਅਜੀਤ ਸਿੰਘ ਵਕੀਲ, ਬਲਰਾਜ ਸਿੰਘ ਕਾਹਲੋਂ ਸਾਬਕਾ ਸਰਪੰਚ, ਅਮਨਦੀਪ ਸਿੰਘ ਸੰਮਤੀ ਮੈਂਬਰ, ਨਰਿੰਦਰ ਸਿੰਘ ਸਾਬਕਾ ਸਰਪੰਚ, ਰਘਬੀਰ ਸਿੰਘ ਕਾਹਲੋਂ , ਭਾਈ ਘਨੱਈਆ ਯੂਥ ਕਲੱਬ ਦੇ ਅਹੁਦੇਦਾਰ ਬਲਕਾਰ ਸਿੰਘ ਸਾਹ ਰਿਟਾਇਰਡ ਪੰਚਾਇਤ ਅਫਸਰ, ਰੁਪਿੰਦਰ ਸਿੰਘ ਕਾਹਲੋਂ ਜੇਈ, ਤੇਜ ਪ੍ਰਤਾਪ ਸਿੰਘ ਕਾਹਲੋਂ, ਪਰਮਿੰਦਰ ਸਿੰਘ ਕਾਹਲੋਂ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ, ਆਦਿ ਨੇ ਸ਼ਮੀਪ੍ਰੀਤ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।