ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 23 ਜੁਲਾਈ - ਬੀਤੇ ਕੱਲ੍ਹ 'ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲਬੱ' ਦੇ ਮੈਂਬਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪਹੁੰਚੇ ਅਹੁਦੇਦਾਰਾਂ ਦੇ ਨਾਲ ਇਕ ਵਿਸ਼ੇਸ਼ ਇਕੱਤਰਤਾ ਇਕ ਸਥਾਨਕ ਰੈਸਟੋਰੈਂਟ ਉਤੇ ਕੀਤੀ ਗਈ। ਇਸ ਇਕੱਠ ਦਾ ਮੁੱਖ ਉਦੇਸ਼ 28 ਅਤੇ 29 ਸਤੰਬਰ ਨੂੰ ਆ ਰਹੇ ਦੋ ਦਿਨਾਂ ਖੇਡ ਟੂਰਨਾਮੈਂਟ ਸਬੰਧੀ ਜਾਣਕਾਰੀ ਦੇਣਾ ਅਤੇ ਸਫਲ ਬਨਾਉਣ ਲਈ ਸੁਝਾਅ ਲੇਣਾ ਸੀ। ਕਲੱਬ ਦੇ ਸਕੱਤਰ ਸ. ਰਣਜੀਤ ਸਿੰਘ ਜਗਤਪੁਰ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਧਾਨ ਸ. ਹਰਪ੍ਰੀਤ ਸਿੰਘ ਗਿੱਲ ਨੇ ਪਿਛਲੇ ਸਾਲਾਂ ਦੇ ਖੇਡ ਮੇਲਿਆਂ ਦੇ ਸੰਦਰਭ ਵਿਚ ਆਉਣ ਵਾਲੇ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਆਪਣੇ ਵਿਚਾਰ ਰੱਖੇ। ਮੀਤ ਪ੍ਰਧਾਨ ਦਵਿੰਦਰ ਸਿੰਘ ਢਿੱਲੋਂ ਨੇ ਖੇਡ ਮੇਲੇ ਵਿਚ ਪਰਿਵਾਰਾਂ ਸਮੇਤ ਪਹੁੰਚਣ ਲਈ ਅਪੀਲ ਕੀਤੀ। ਚੇਅਰਮੈਨ ਗੁਰਦੀਪ ਸਿਘ ਸੰਧੂ ਨੇ ਬੱਚਿਆਂ ਦੀਆਂ ਖੇਡਾਂ ਨੂੰ ਹੋਰ ਮਹੱਤਵ ਦੇਣ ਲਈ ਆਪਣੇ ਵਿਚਾਰ ਦਿੱਤੇ। ਕਲਚਰਲ ਕਮੇਟੀ ਪ੍ਰਧਾਨ ਨਵਦੀਪ ਕੁਲਾਰ ਨੇ ਵੀ ਆਪਣੇ ਵਿਚਾਰ ਰੱਖਦਿਆਂ ਜਿੱਥੇ ਖੇਡ ਮੇਲੇ ਦੀ ਸਫਲਤਾ ਲਈ ਸਾਰਿਆਂ ਦੇ ਸਹਿਯੋਗ ਦੀ ਮੰਗ ਕੀਤੀ ਉਥੇ ਖੇਡ ਮੇਲੇ ਦੀ ਪਹਿਲੀ ਸ਼ਾਮ ਭੰਗੜੇ ਦੀਆਂ ਹੋਣ ਵਾਲੀਆਂ ਆਈਟਮਾਂ ਬਾਰੇ ਵੀ ਜਾਣਕਾਰੀ ਦਿੱਤੀ। ਆਪਸੀ ਵਿਚਾਰਾਂ ਤੋਂ ਬਾਅਦ ਖੇਡ ਟੂਰਨਾਮੈਂਟ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਰੰਗਦਾਰ ਪੋਸਟਰ ਜਾਰੀ ਕੀਤੀ ਗਿਆ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਤੀਰਥ ਸਿੰਘ ਅਟਵਾਲ, ਪ੍ਰਧਾਨ ਜੱਸਾ ਬੋਲੀਨਾ ਅਤੇ ਸ. ਹਰਪ੍ਰੀਤ ਸਿਘ ਸਪੋਕਸ ਪਰਸਨ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ।
ਮੈਲਬੌਰਨ ਤੋਂ ਪਹੁੰਚੇ ਬਿੰਦਰ ਦੁਸਾਂਝ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਇੰਦਰਜੀਤ ਕੌਰ ਦਾ ਨੂੰ ਵਿਸ਼ੇਸ਼ ਤੌਰ 'ਤੇ ਮਾਨ-ਸਨਮਾਨ ਵਜੋਂ ਯਾਦਗਾਰੀ ਚਿਨ੍ਹ ਭੇਟ ਕੀਤਾ ਗਿਆ। ਇਹ ਉਹ ਪਰਿਵਾਰ ਹੈ ਜਦੋਂ ਵੀ ਨਿਊਜ਼ੀਲੈਂਡ ਤੋਂ ਕੋਈ ਖੇਡ ਟੀਮ ਮੈਲਬੌਰਨ ਖੇਡਣ ਜਾਂਦੀ ਹੈ ਤਾਂ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾਂ ਮੇਜਬਾਨੀ ਕਰਨ ਵਾਸਤੇ ਖੁੱਲ੍ਹੇ ਰਹਿੰਦੇ ਹਨ। ਲਗਪਗ ਸਾਰੇ ਖਿਡਾਰੀ ਉਨ੍ਹਾਂ ਦਾ ਮਾਨ-ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨਾਲ ਕਾਫੀ ਨੇੜਤਾ ਰੱਖਦੇ ਹਨ। ਇਸ ਇਕੱਤਰਤਾ ਦੇ ਵਿਚ ਚੜ੍ਹਦੀ ਕਲਾ ਕਲੱਬ ਪਾਪਾਮੋਆ, ਪੰਜਾਬ ਕੇਸਰੀ ਸਪੋਰਟਸ ਐਂਡ ਕਲਚਰਲ ਕਲੱਬ ਔਕਲੈਂਡ, ਸ਼ਹੀਦ ਭਗਤ ਸਿਘ ਸਪੋਰਟਸ ਕਲੱਬ ਔਕਲੈਂਡ ਅਤੇ ਮਾਲਵਾ ਸਪੋਰਟਸ ਕਲੱਬ ਔਕਲੈਂਡ ਦੇ ਮੈਂਬਰ ਵੀ ਪਹੁੰਚੇ ਹੋਏ ਸਨ।