ਗੁਰਨਾਮ ਸਿੱਧੂ
ਫਿਰੋਜ਼ਪੁਰ 14 ਸਤੰਬਰ : ਸਰਕਾਰੀ ਹਾਈ ਸਕੂਲ ਤੂਤ ਵਿਚ ਡੀਈਓ ਫਿਰੋਜ਼ਪੁਰ ਮੈਡਮ ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ ਹੈਂਡਬਾਲ ਲੜਕੀਆਂ ਚੈਪੀਅਨਸ਼ਿਪ 13 ਤੋਂ 14 ਸਤੰਬਰ ਤੱਕ ਕਰਵਾਈ ਗਈ। ਇਸ ਚੈਪੀਅਨਸ਼ਿਪ ਵਿਚ ਤੂਤ ਸਕੂਲ ਦੀਆਂ ਲੜਕੀਆਂ ਨੇ ਅੰਡਰ-14 ਅਤੇ ਅੰਡਰ-17 ਵਿਚ ਭਾਗ ਲਿਆ। ਅੰਡਰ-14 ਵਿਚ ਤੂਤ ਸਕੂਲ ਦੀਆਂ ਲੜਕੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਫਿਰੋਜ਼੍ਰਪੁਰ-2 ਨੂੰ 14-2 ਨਾਲ ਹਰਾਇਆ। ਜਦਕਿ ਅੰਡਰ-17 ਵਿਚ ਤੂਤ ਸਕੂਲ ਦੀਆਂ ਲੜਕੀਆਂ ਨੇ ਘੱਲਖੁਰਦ-2 ਦੀ ਟੀਮ ਨੂੰ 22-0 ਨਾਲ ਹਰਾ ਕੇ ਚੈਪੀਅਨਸ਼ਿਪ ਆਪਣੇ ਨਾਂ ਕੀਤੀ। ਟੀਮ ਦੇ ਕੋਚ ਜਸਵੀਰ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਖਿਡਾਰਣਾਂ ਨੇ ਲਗਾਤਾਰ 20ਵੇਂ ਸਾਲ ਇਹ ਪ੍ਰਤੀਯੋਗਤਾ ਜਿੱਤ ਤੇ ਇਤਿਹਾਸ ਸਿਰਜ ਦਿੱਤਾ ਹੈ। ਜੇਤੂ ਖਿਡਾਰਣਾਂ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਿਹਨਤੀ ਕੋਚ ਜਸਵੀਰ ਸਿੰਘ ਅਤੇ ਜਗਮੀਤ ਸਿੰਘ ਜ਼ਿਲ੍ਹਾ ਹੈਂਡਬਾਲ ਕੋਚ ਦੇ ਸਿਰ ਬੰਨ੍ਹਿਆ।
ਜਸਵਿੰਦਰ ਸਿੰਘ ਸਕੱਤਰ ਕਮੇਟੀ ਜ਼ਿਲ੍ਹਾ ਸਕੂਲ ਖੇਡਾਂ, ਹਰਜਿੰਦਰ ਹਾਂਡਾ ਜੋਨ ਪ੍ਰਧਾਨ ਗੁਰੂਹਰਸਹਾਏ, ਵੇਦ ਪ੍ਰਕਾਸ਼ ਜ਼ਿਲ੍ਹਾ ਕਮੇਟੀ ਮੈਂਬਰ, ਸਤਵਿੰਦਰ ਸਿੰਘ ਜੋਨ ਪ੍ਰਧਾਨ ਘੱਲਖੁਰਦ-2, ਵਿਨੋਦ ਕੁਮਾਰ ਸਿਲੈਕਟਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਖਿਡਾਰਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗ੍ਰਾਮ ਪੰਚਾਇਤ ਤੂਤ ਦੇ ਸਰਪੰਚ ਰਵਿੰਦਰ ਸਿੰਘ, ਪੰਚ ਰੇਸ਼ਮ ਸਿੰਘ, ਲਛਮਣ ਸਿੰਘ, ਅਲਬੇਲ ਸਿੰਘ, ਗੁਰਚਰਨ ਸਿੰਘ, ਹਰਨੇਕ ਸਿੰਘ, ਕੁਲਜੀਤ ਸਿੰਘ, ਭੁਪਿੰਦਰ ਸਿੰਘ ਚੇਅਰਮੈਨ ਮੈਨੇਜਮੈਂਟ ਕਮੇਟੀ ਨੇ 5000 ਰੁਪਏ ਖਿਡਾਰਣਾਂ ਨੂੰ ਦੇ ਕੇ ਸਨਮਾਨ ਕੀਤਾ। ਸਕੂਲ ਮੁਖੀ ਮੈਡਮ ਮਨਦੀਪ ਕੌਰ ਤੇ ਸਮੂਹ ਸਟਾਫ ਮੈਡਮ ਰਜਨੀ, ਗੀਤੂ, ਮੀਨੂੰ, ਸੰਦੀਪ, ਵੀਰਪਾਲ ਕੌਰ, ਸ਼ਿੰਦਰਪਾਲ ਕੌਰ, ਪੂਜਾ, ਜਸਪਾਲ ਕੌਰ, ਸੁਖਪ੍ਰੀਤ ਕੌਰ, ਸੁਖਦੀਪ ਕੌਰ, ਚਰਨਜੀਤ ਕੌਰ, ਕੁਲਦੀਪ ਕੌਰ ਆਦਿ ਨੇ ਟੀਮ ਅਤੇ ਟੀਮ ਦੇ ਕੋਚਾਂ ਨੂੰ ਵਧਾਈ ਦਿੱਤੀ।