ਤਿੰਨ ਦਿਨ ਚੱਲੇ ਮੁਕਾਬਲਿਆਂ ਵਿੱਚ ਲਗਭਗ 300 ਖਿਡਾਰੀਆਂ ਨੇ ਲਿਆ ਭਾਗ
ਪਟਿਆਲਾ-7 ਅਕਤੂਬਰ - ਰਾਜਿੰਦਰਾ ਜਿਮਖਾਨਾ ਕਲੱਬ ਵਿੱਖੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਡਾ ਬਿਪਨ ਸਾਰੋਂਵਾਲਾ ਮੈਮੋਰੀਅਲ ਟੇਬਲ ਟੈਨਿਸ ਖੇਡ ਮੁਕਾਬਲਿਆਂ ਦੇ ਅੱਜ ਤੀਸਰੇ ਅਤੇ ਆਖਰੀ ਦਿਨ ਸਫ਼ਲਤਾਪੂਰਵਕ ਸਮਾਪਤੀ ਸਮਾਰੋਹ ਕਰਵਾਇਆ ਗਿਆ।ਰੈਕੇਟ ਸਪੋਰਟਸ ਅਤੇ ਰਾਜਿੰਦਰਾ ਜਿਮਖਾਨਾ ਕਲੱਬ ਦੇ ਸਾਂਝੇ ਯਤਨਾਂ ਸਦਕਾ ਇਹ ਟੂਰਨਾਮੈਂਟ ਡਾ ਨਵੀਨ ਸਾਰੋਂਵਾਲਾ, ਟਰੱਸਟੀ ਸਾਰੋਂਵਾਲਾ ਟਰੱਸਟ ਦੀ ਅਗਵਾਈ ਵਿੱਚ ਨੇਪਰੇ ਚੜਿਆ।
ਸ਼੍ਰੀ ਮਾਨਿਕ ਰਾਜ ਸਿੰਗਲਾ ਪ੍ਰਧਾਨ ਅਤੇ ਸ. ਪ੍ਰਿੰਸ ਇੰਦਰ ਸਿੰਘ ਘੁੰਮਣ, ਸਕੱਤਰ ਰੈਕੇਟ ਸਪੋਰਟਸ ਦੀ ਦੇਖ ਰੇਖ ਹੇਠ ਹੋਏ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਦੇ ਮੌਕੇ ਤੇ ਸ. ਪ੍ਰਿਤਪਾਲ ਸਿੰਘ ਸਿੱਧੂ, ਮਾਣਯੋਗ ਐੱਸ ਐੱਸ ਪੀ ਪਟਿਆਲਾ ਵਿਸ਼ੇਸ਼ ਤੌਰ ਤੇ ਬਤੋਰ ਮੁੱਖ ਮਹਿਮਾਨ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਨ ਪੁੱਜੇ।ਇਸ ਅਵਸਰ ਤੇ ਸ. ਪ੍ਰਿੰਸ ਇੰਦਰ ਸਿੰਘ ਘੁੰਮਣ ਸਕੱਤਰ ਰੈਕੇਟ ਸਪੋਰਟਸ ਨੇ ਦੱਸਿਆ ਕਿ ਇੰਨਾਂ ਮੁਕਾਬਲਿਆਂ ਵਿੱਚ ਲੱਗਭੱਗ ਸਾਰੇ ਹੀ ਇਵੈਂਟ ਕਰਵਾਏ ਗਏ ਜਿਨ੍ਹਾਂ ਵਿਚ ਅੰਡਰ10,ਕੈਡਿਟ, ਸਬਜੂਨੀਅਰ, ਜੂਨੀਅਰ, ਯੂਥ, ਏਕਲ ਪੁਰਸ਼/ਮਹਿਲਾ, ਓਪਨ ਵੇਟਰਨ ਆਦਿ ਜੱਦੋਂ ਕਿ ਰਾਜਿੰਦਰਾ ਜਿਮਖਾਨਾ ਕਲੱਬ ਮੈਂਬਰਾਂ ਲਈ ਖਾਸ ਤੌਰ ਤੇ 39+, 49+, 59+ ਅਤੇ ਲੱਕੀ ਡਬਲਜ਼ ਸ਼ਾਮਲ ਸਨ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ ਵਾਲੀਆ, ਪ੍ਰਧਾਨ ਜਿਮਖਾਨਾ ਕਲੱਬ, ਸ਼੍ਰੀ ਯਸ਼ਵਿੰਦਰ ਸਿੰਘ, ਸ਼੍ਰੀ ਅਮਿਤ ਜਿੰਦਲ, ਸ਼੍ਰੀ ਵਿਸ਼ਾਲ ਸ਼ਰਮਾ, ਸ਼੍ਰੀ ਅਮਨਦੀਪ ਸਿੰਘ ਰਾਜਪੁਰਾ ਅਤੇ ਸ਼੍ਰੀ ਹਰਮੀਤ ਸਿੰਘ ਨਾਭਾ ਉਚੇਚੇ ਤੌਰ ਤੇ ਸ਼ਾਮਲ ਹੋਏ।
ਫਾਈਨਲ ਨਤੀਜੇ
ਯੂਥ ਲੜਕੀਆਂ ਵਿੱਚ ਮੋਹਾਲੀ ਦੀ ਚੈਰਿਸ਼ ਛਾਬੜਾ ਅਤੇ ਪੰਜਾਬੀ ਯੂਨੀਵਰਸਿਟੀ ਦੀ ਜਾਨਵੀ ਅਰੋੜਾ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਜੱਦੋਂ ਕਿ ਯੂਥ ਲੜਕਿਆ ਵਿੱਚ ਅੰਮ੍ਰਿਤਸਰ ਦੇ ਸਾਰਥਕ ਠਾਕੁਰ ਨੇ ਪਹਿਲਾ ਅਤੇ ਲੁਧਿਆਣਾ ਦੇ ਨਮਨ ਮਹਿਰਾ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰਾਂ ਏਕਲ ਪੁਰਸ਼ ਵਰਗ ਵਿੱਚ ਲੁਧਿਆਣਾ ਦੇ ਨਮਨ ਮਹਿਰਾ ਨੇ ਪਹਿਲਾ, ਅੰਮ੍ਰਿਤਸਰ ਦੇ ਵੈਭਵ ਰਾਮਪਾਲ ਨੇ ਦੂਜਾ ਅਤੇ ਫਿਰੋਜ਼ਪੁਰ ਦੇ ਸਨੀਲ ਸਿੱਕਰੀ ਤੇ ਸੰਦੀਪ ਸਿੰਘ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਜਦੋਂ ਕਿ ਏਕਲ ਮਹਿਲਾਵਾਂ ਵਿੱਚ ਜਲੰਧਰ ਦੀ ਨੇਹਾ ਪਤਿਆਲ ਨੇ ਪਹਿਲਾ, ਫਿਰੋਜ਼ਪੁਰ ਦੀ ਅੰਨੁ ਸ਼ਰਮਾ ਨੇ ਦੂਸਰਾ ਅਤੇ ਮੋਹਾਲੀ ਦੀ ਚੈਰਿਸ਼ ਛਾਬੜਾ ਤੇ ਪੰਜਾਬੀ ਯੂਨੀਵਰਸਿਟੀ ਦੀ ਹਨੀ ਆਨੰਦ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।