ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 8 ਅਕਤੂਬਰ 2019 - ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਮਾਡਰਨ ਪੇਂਡੂ ਮਿਨੀ ਓਲੰਪਿਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ 33ਵੀਆਂ ਜਰਖੜ ਖੇਡਾਂ ਇਸ ਵਰ੍ਹੇ 13,14 ਤੇ 15 ਦਸੰਬਰ ਨੂੰ 5 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਹੋਣਗੀਆਂ। ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਹੋਈ ਟਰੱਸਟ ਦੀ ਮੀਟਿੰਗ 'ਚ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਇਸ ਵਰ੍ਹੇ ਦੀਆਂ ਖੇਡਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੀਆਂ। ਇੰਨ੍ਹਾਂ ਖੇਡਾਂ 'ਣ ਕਬੱਡੀ ਆਲ ਓਪਨ ਨਾਇਬ ਸਿੰਘ ਗਰੇਵਾਲ ਜੋਧਾਂ ਕੱਪ ਲਈ ਨਾਮੀ ਟੀਮਾਂ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਕਬੱਡੀ ਸਟਾਰ ਆਪਣੀ ਖੇਡ ਹੁਨਰ ਦਾ ਪ੍ਰਗਟਾਵਾ ਕਰਨਗੇ।
ਇਸ ਤੋਂ ਇਲਾਵਾ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਹਾਕੀ ਕੱਪ ਲਈ ਮਰਦਾਂ ਤੇ ਇਸਤਰੀਆਂ ਦੀਆਂ ਵਿਭਾਗੀ ਟੀਮਾਂ ਤੋਂ ਇਲਾਵਾ ਅੰਡਰ-17 ਸਾਲ ਅਤੇ ਅੰਡਰ-10 ਸਾਲ ਸਬ ਜੂਨੀਅਰ ਵਰਗ ਦੇ ਹਾਕੀ ਮੁਕਾਬਲੇ ਵੀ ਹੋਣਗੇ। ਇੰਨ੍ਹਾਂ ਖੇਡਾਂ 'ਚ ਹਾਕੀ, ਕਬੱਡੀ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ, ਬਾਸਕਿਟਬਾਲ, ਕਬੱਡੀ 75 ਕਿੱਲੋ, ਕੁਸ਼ਤੀਆਂ, ਸਾਈਕਲਿੰਗ, ਆਦਿ ਹੋਰ ਖੇਡਾਂ ਦੇ ਮੁਕਾਬਲੇ ਕਰਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਾਰੀਆਂ ਜੇਤੂ ਟੀਮਾਂ ਨੂੰ ਲੱਖਾਂ ਦੀ ਨਗਦ ਰਾਸ਼ੀ ਤੋਂ ਇਲਾਵਾ 100 ਦੇ ਕਰੀਬ ਸਾਈਕਲ ਦੇ ਕੇ ਸਨਮਾਨਿਆ ਜਾਏਗਾ। ਇਸ ਤੋਂ ਇਲਾਵਾ ਇਲਾਕੇ ਦੇ ਸਕੂਲੀ ਬੱਚੇ ਜਿੰਨ੍ਹਾਂ ਨੇ ਸਿੱਖਿਆ ਖੇਤਰ 'ਚ ਮੱਲਾਂ ਮਾਰੀਆਂ ਹਨ, ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਏਗਾ। ਖੇਡਾਂ ਦੇ ਫਾਈਨਲ ਸਮਾਰੋਹ 'ਤੇ ਖੇਡਾਂ ਤੇ ਸਮਾਜ ਪ੍ਰਤੀ ਵਧੀਆ ਸੇਵਾਵਾਂ ਦੇਣ ਵਾਲੀਆਂ 6 ਸ਼ਖਸੀਅਤਾਂ ਦਾ ਸਨਮਾਨ ਹੋਏਗਾ। ਇੰਨ੍ਹਾਂ ਖੇਡਾਂ ਨੂੰ ਕਾਰਪੋਰੇਟ ਹਾਊਸ, ਕੋਕਾ-ਕੋਲਾ, ਏਵਨ ਸਾਈਕਲ, ਬੈਂਕ ਆਫ ਇੰਡੀਆ, ਨਾਈਟਇੰਗੇਲ ਕਾਲਜ ਨਾਰੰਗਵਾਲ, ਆਦਿ ਹੋਰ ਕੰਪਨੀਆਂ ਸਪਾਂਸਰ ਕਰਨਗੀਆਂ। ਖੇਡਾਂ ਦਾ ਉਦਘਾਟਨੀ ਤੇ ਸਮਾਪਤੀ ਸਮਾਰੋਹ ਕਾਮਨਵੈਲਥ ਖੇਡਾਂ ਦੀ ਤਰਜ 'ਤੇ ਲਾਜਵਾਬ ਹੋਵੇਗਾ।
ਅੱਜ ਦੀ ਮੀਟਿੰਗ ਦੌਰਾਨ, ਇੰਸਪੈਕਟਰ ਬਲਬੀਰ ਸਿੰਘ, ਰਣਜੀਤ ਸਿੰਘ ਦੁਲੇਂਅ, ਪਹਿਲਵਾਨ ਹਰਮੇਲ ਸਿੰਘ, ਤੇਜਵੰਤ ਸਿੰਘ ਸਿੱਧੂ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਬਲਜੀਤ ਸਿੰਘ ਬਿੱਟੂ ਗਿੱਲ, ਡਾ. ਜਗਜੀਤ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਤੇਜਿੰਦਰ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ, ਰਜਿੰਦਰ ਸਿੰਘ ਜਰਖੜ, ਲਖਵੀਰ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਬਾਬਾ ਰੁਲਦਾ ਸਿੰਘ, ਸੋਮਾ ਸਿੰਘ ਰੋਮੀ, ਸਾਹਿਬਜੀਤ ਸਿੰਘ ਸਾਬ੍ਹੀ, ਯਾਦਵਿੰਦਰ ਸਿੰਘ ਤੂਰ, ਆਦਿ ਹੋਰ ਟਰੱਸਟੀ ਮੈਂਬਰ ਹਾਜ਼ਰ ਸਨ।