ਡੇਰਾ ਬਾਬਾ ਨਾਨਕ (ਗੁਰਦਾਸਪੁਰ), 2 ਦਸੰਬਰ 2019: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ 'ਅੰਤਰਰਾਸ਼ਟਰੀ ਕਬੱਡੀ ਕੱਪ' ਕਰਵਾਇਆ ਜਾ ਰਿਹਾ ਹੈ ਅਤੇ 10 ਦਸੰਬਰ ਨੂੰ ਸਮਾਪਤੀ ਸਮਾਗਮ ਅਤੇ ਫਾਈਨਲ ਮੈਚ ਡੇਰਾ ਬਾਬਾ ਨਾਨਕ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਣਗੇ। ਇਹ ਜਾਣਕਾਰੀ ਦਿੰਦਿਆਂ ਮਨੋਹਰ ਸਿੰਘ ਜਿਲਾ ਖੇਡ ਅਫਸਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਕਬੱਡੀ ਕੱਪ-2019 ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਖੇਡ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਬੰਧਿਤ ਵਿਭਾਗਾਂ ਵਲੋਂ ਵੀ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ।
ਜ਼ਿਲਾ ਖੇਡ ਅਫਸਰ ਨੇ ਅੱਗੇ ਦੱਸਿਆ ਕਿ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ 'ਏ' ਵਿੱਚ ਭਾਰਤ, ਇੰਗਲੈਂਡ, ਅਸਟਰੇਲੀਆ ਅਤੇ ਸ੍ਰੀਲੰਕਾ ਹਨ ਜਦਕਿ ਗਰੁੱਪ 'ਬੀ' ਵਿੱਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਹਨ। ਇਸ ਟੂਰਨਾਮੈਂਟ ਵਿੱਚ 8 ਵੱਖ ਵੱਖ ਦੇਸ਼ਾਂ ਦੇ 150 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਤੋਂ ਇਲਾਵਾ ਇਸ ਵਿੱਚ ਅਮਰੀਕਾ, ਆਸਟਰੇਲੀਆ, ਇੰਗਲੈਂਡ, ਕੈਨੇਡਾ, ਸ੍ਰੀ ਲੰਕਾ, ਕੀਨੀਆ ਅਤੇ ਨਿਊਜ਼ੀਲੈਂਡ ਦੇ ਖਿਡਾਰੀ ਆਪਣੇ ਜੌਹਰ ਦਿਖਾਉਣਗੇ। ਟੂਰਨਮੈਂਟ ਵਿੱਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਜਦਕਿ ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 15 ਲੱਖ ਅਤੇ 10 ਲੱਖ ਰੁਪਏ ਦੀ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਅੰਤਰਰਾਸ਼ਟਰੀ ਕਬੱਡੀ ਕੱਪ ਦਾ ਉਦਘਾਟਨ ਸੁਲਤਾਨਪੁਰ ਲੋਧੀ, ਜ਼ਿਲ•ਾ ਕਪੂਰਥਲਾ ਵਿਖੇ 1 ਦਸੰਬਰ ਹੋ ਗਿਆ ਹੈ। 3 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਮੈਚ ਖੇਡੇ ਜਾਣਗੇ। 4 ਦਸੰਬਰ ਦੇ ਮੁਕਾਬਲੇ ਸ੍ਰੀ ਗੁਰੂ ਹਰ ਸਹਾਏ ਸਟੇਡੀਅਮ, ਫਿਰੋਜ਼ਪੁਰ, 5 ਦਸੰਬਰ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਅਤੇ 6 ਦਸੰਬਰ ਦੇ ਮੁਕਾਬਲੇ ਪੋਲੋ ਗਰਾਉਂਡ ਪਟਿਆਲਾ ਵਿਖੇ ਕਰਵਾਏ ਜਾਣਗੇ। ਸੈਮੀਫਾਈਨਲ 8 ਦਸੰਬਰ, 2019 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾਵੇਗਾ ਅਤੇ ਸਮਾਪਤੀ ਸਮਾਗਮ ਅਤੇ ਫਾਈਨਲ ਮੈਚ (ਪਹਿਲੇ ਤੇ ਤੀਸਰੇ ਸਥਾਨ ਦੇ ਮੁਕਾਬਲੇ ) 10 ਦਸੰਬਰ ਨੂੰ ਡੇਰਾ ਬਾਬਾ ਨਾਨਕ (ਜ਼ਿਲ•ਾ ਗੁਰਦਾਸਪੁਰ) ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਣਗੇ।