ਲੋਕੇਸ਼ ਰਿਸ਼ੀ
ਗੁਰਦਾਸਪੁਰ, 6 ਜਨਵਰੀ 2020- ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਖੇਡਣ ਵਾਲੇ ਖਿਡਾਰੀਆਂ ਤੇ ਨਸ਼ਾ ਕਰਨ ਦੇ ਸੰਜੀਦਾ ਦੋਸ਼ ਲੱਗਦੇ ਰਹੇ ਹਨ। ਗੁਜ਼ਰਦੇ ਸਮੇਂ ਦੇ ਨਾਲ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਵੀ ਸਾਹਮਣੇ ਆਈਆਂ। ਪਰ ਅੱਜ ਤੱਕ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਾਨ੍ਹਾਂ ਦਾ ਭੇੜ ਮੰਨੀ ਜਾਣ ਵਾਲੀ ਇਸ ਖੇਡ ਦੇ ਤਾਕਤਵਰ ਖਿਡਾਰੀਆਂ ਨੂੰ ਨਸ਼ਾ ਲੱਗਦਾ ਕਿੱਦਾਂ 'ਤੇ ਲਾਉਂਦਾ ਕੌਣ ਐ।
ਕਬੱਡੀ ਅਤੇ ਖਿਡਾਰੀਆਂ ਸਬੰਧੀ ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਭਾਲਦਿਆਂ ਬਾਬੂਸ਼ਾਹੀ ਡਾਟ ਕਾਮ ਦੀ ਟੀਮ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚੀ। ਜਿੱਥੇ ਇੱਕ ਵੈੱਲ - ਐਜੂਕੇਟਿਡ ਅਤੇ ਵੈੱਲ-ਟਰੇਂਨਡ ਕਬੱਡੀ ਖਿਡਾਰੀ ਇੱਕੀ ਛੁਡਾਊ ਕੇਂਦਰ ਵਿੱਚ ਦਾਖਲ ਹੋ ਕੇ ਆਪਣਾ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਖਿਡਾਰੀ ਹੁਣ ਤੱਕ ਦੁਨੀਆ ਦੇ 10 ਤੋਂ ਵੱਧ ਦੇਸ਼ਾਂ ਵਿਖੇ ਕਬੱਡੀ ਖੇਡ ਕੇ ਵੱਖ ਵੱਖ ਖ਼ਿਤਾਬ ਪ੍ਰਾਪਤ ਕਰ ਚੁੱਕਾ ਹੈ। ਬਾਬੂਸ਼ਾਹੀ ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਇਸ ਖਿਡਾਰੀ ਨੇ ਦਿਲ ਨੂੰ ਝੰਜੋੜ ਦੇਣ ਵਾਲੇ ਖ਼ੁਲਾਸੇ ਕੀਤੇ। ਜੋ ਕਿ ਕਬੱਡੀ ਅਤੇ ਖੇਡ ਪ੍ਰਮੋਟਰਾਂ ਨਾਲ ਸਬੰਧਿਤ ਸਨ। ਪਰ ਇਹ ਸਾਰੇ ਖ਼ੁਲਾਸੇ ਕੁੱਝ ਪਰਮੋਟਰਾਂ ਤੇ ਅਧਾਰਿਤ ਸਨ।
ਇਸ ਖਿਡਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਕਿਸ ਤਰਾਂ ਪ੍ਰਮੋਟਰਾਂ ਵੱਲੋਂ ਪੈਸਿਆਂ ਦੇ ਲਾਲਚ ਅਤੇ ਖਿਡਾਰੀਆਂ ਦਾ ਸਟੈਮਿਨਾ ਵਧਾ ਕੇ ਗੇਮ ਦੇ ਪ੍ਰਦਰਸ਼ਨ ਨੂੰ ਰੋਮਾਂਚਕ ਬਣਾਉਣ ਖ਼ਾਤਰ ਖਿਡਾਰੀਆਂ ਤੇ ਨਸ਼ਾ ਕਰਨ ਸਬੰਧੀ ਦਬਾਅ ਬਣਾਇਆ ਜਾਂਦਾ ਹੈ ਅਤੇ ਇਸੇ ਦਬਾਅ ਹੇਠ ਹਰ ਗੇਮ ਤੋਂ ਪਹਿਲਾਂ ਨਸ਼ਾ ਲੈਣ ਵਾਲੇ ਖਿਡਾਰੀ ਕਿੱਦਾਂ ਹੌਲੀ ਹੌਲੀ ਨਸ਼ੇ ਦੇ ਆਦੀ ਹੋ ਜਾਂਦੇ ਹਨ।
ਦੁਨੀਆ ਭਰ ਦੇ 10 ਤੋਂ ਵੱਧ ਦੇਸ਼ਾਂ ਵਿਖੇ ਕਬੱਡੀ ਖੇਡ ਚੁੱਕਾ ਇਹ ਪੜ੍ਹਿਆ ਲਿਖਿਆ ਖਿਡਾਰੀ ਆਪ ਵੀ ਪ੍ਰਮੋਟਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦਿਆਂ ਨਸ਼ੇ ਦਾ ਆਦੀ ਹੋ ਚੁੱਕਾ ਸੀ ਅਤੇ ਅਖੀਰ ਇਸ ਖਿਡਾਰੀ ਨੇ ਨਸ਼ੇ ਦੀ ਨਕਾਰਾਤਮਿਕਤਾ ਦੇ ਘਰੇ ਵਿੱਚੋਂ ਨਿਕਲਦਿਆਂ ਨਿਰਾਰਥਕਤਾ ਦਾ ਕੋਹੜ ਵੱਢਣ ਦਾ ਨਿਸ਼ਚਾ ਕੀਤਾ। ਮੌਜੂਦਾ ਸਮੇਂ ਦੌਰਾਨ ਇਹ ਖਿਡਾਰੀ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਖੇ ਆਪਣਾ ਇਲਾਜ ਕਰਵਾ ਰਿਹਾ ਹੈ। ਡਾਕਟਰਾਂ ਮੁਤਾਬਿਕ ਹੁਣ ਇਹ ਖਿਡਾਰੀ ਪੂਰੀ ਤਰਾਂ ਨਾਲ ਨਸ਼ੇ ਤੋਂ ਮੁਕਤ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਘਰ ਵਾਪਸ ਭੇਜ ਦਿੱਤਾ ਜਾਵੇਗਾ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਨੇ ਦੱਸਿਆ ਕਿ ਉਸ ਨੇ ਸੈਨਿਕ ਸਕੂਲ ਕਪੂਰਥਲਾ ਤੋਂ ਆਪਣੀ ਪੜ੍ਹਾਈ ਕਰਦਿਆਂ ਐਮ.ਏ ਇੰਗਲਿਸ਼ ਤੱਕ ਤਾਲੀਮ ਹਾਸਿਲ ਕੀਤੀ। ਇਸੇ ਦੌਰਾਨ ਸਾਲ 2009 ਦੌਰਾਨ ਉਸ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ। ਆਪਣੀ ਕਾਬਲੀਅਤ ਕਾਰਨ ਉਹ ਸਾਲ 2012 ਦੌਰਾਨ ਇੱਕ ਪ੍ਰਮੋਟਰ ਦੇ ਸੰਪਰਕ ਵਿੱਚ ਆਇਆ ਅਤੇ ਉਸੇ ਪ੍ਰਮੋਟਰ ਦੇ ਜ਼ਰੀਏ ਯੂ.ਕੇ ਵਿਖੇ ਜਾ ਕੇ ਕਬੱਡੀ ਟੂਰਨਾਮੈਂਟ 'ਚ ਖੇਡਣ ਮੌਕਾ ਮਿਲਿਆ। ਉੱਥੇ ਜਾ ਕੇ ਪ੍ਰਮੋਟਰ ਨੇ ਉਸ ਨੂੰ ਖੇਡਣ ਤੋਂ ਪਹਿਲਾਂ ਨਸ਼ੀਲਾ ਇੰਜੈੱਕਸ਼ਨ ਲੈਣ ਲਈ ਕਿਹਾ ਅਤੇ ਦੱਸਿਆ ਕਿ ਇਸ ਨਾਲ ਉਸ ਦੇ ਸਰੀਰ ਅੰਦਰ ਇੱਕ ਘੰਟੇ ਲਈ ਅਥਾਹ ਤਾਕਤ ਅਤੇ ਫੁਰਤੀ ਆ ਜਾਵੇਗੀ। ਜਿਸ ਨਾਲ ਉਸ ਦੀ ਪ੍ਰਫਰਮੈਂਸ ਹੋਰ ਵੀ ਬਿਹਤਰ ਹੋ ਜਾਵੇਗੀ।
ਪਰ ਇਸ ਕਬੱਡੀ ਖਿਡਾਰੀ ਨੇ ਇੰਜੈੱਕਸ਼ਨ ਲੈਣ ਤੋਂ ਸਾਫ਼ ਮਨਾ ਕਰ ਦਿੱਤਾ। ਜਿਸ ਤੋਂ ਬਾਅਦ ਖਿਡਾਰੀ ਨੂੰ ਖਿਡਾਇਆ ਤਾਂ ਗਿਆ ਪਰ ਉਸ ਉੱਪਰ ਇੰਜੈੱਕਸ਼ਨ ਲੈਣ ਦਾ ਦਬਾਅ ਬਣਾਉਣ ਖ਼ਾਤਰ ਉਸ ਨੂੰ ਪੂਰੀ ਗੇਮ ਦੌਰਾਨ ਰੇਡ ਕਰਨ ਦਾ ਇੱਕ ਵੀ ਮੌਕਾ ਨਹੀਂ ਦਿੱਤਾ ਗਿਆ।
ਪ੍ਰਮੋਟਰ ਵੱਲੋਂ ਇੰਜੈੱਕਸ਼ਨ ਲੈਣ ਲਈ ਲਗਾਤਾਰ ਬਣਾਏ ਜਾ ਰਹੇ ਦਬਾਅ ਅਤੇ ਖੇਡਣ ਦੀ ਹਸਰਤ ਕਾਰਨ ਅਖੀਰ ਉਸ ਕਬੱਡੀ ਖਿਡਾਰੀ ਨੂੰ ਪ੍ਰਮੋਟਰ ਵੱਲੋਂ ਦਿੱਤਾ ਗਿਆ ਨਸ਼ੇ ਦਾ ਇੰਜੈੱਕਸ਼ਨ ਲੈਣਾ ਹੀ ਪਿਆ। ਬਾਦ ਵਿੱਚ ਉਹ ਖਿਡਾਰੀ ਹਰੇਕ ਗੇਮ ਖੇਡਣ ਤੋਂ ਪਹਿਲਾਂ ਇੱਕ ਜਾਂ ਦੋ ਐਮ.ਐਲ ਮਾਤਰਾ ਦਾ ਇੰਜੈੱਕਸ਼ਨ ਲੈਣ ਲੱਗ ਪਿਆ ਅਤੇ ਹੌਲੀ ਹੌਲੀ ਗੇਮ ਦੀ ਪਰਫੌਰਮੈਂਸ ਬਿਹਤਰ ਕਰਨ ਅਤੇ ਸਟੈਮੀਨਾ ਵਧਾਉਣ ਲਈ ਉਹ ਇਸ ਇੰਜੈੱਕਸ਼ਨ ਦਾ ਆਦੀ ਹੋ ਗਿਆ ਅਤੇ 5 ਤੋਂ 7 ਐਮ.ਐਲ ਤੱਕ ਦੀ ਮਾਤਰਾ ਲੈਣ ਲੱਗਾ। ਇਸੇ ਦੌਰਾਨ ਇੱਕ ਸਮਾਂ ਐਸਾ ਵੀ ਆਇਆ ਜਦੋਂ ਉਹ ਇੰਜੈੱਕਸ਼ਨ ਨਾ ਮਿਲਣ ਦੀ ਸੂਰਤ ਵਿੱਚ ਇਹ ਖਿਡਾਰੀ ਹੋਰ ਨਸ਼ੇ ਕਰਨ ਲੱਗਾ ਅਤੇ ਇਸੇ ਨਸ਼ੇ ਕਾਰਨ ਜਿੱਥੇ ਹੌਲੀ ਹੌਲੀ ਉਸ ਦਾ ਸਰੀਰ ਨਕਾਰਾ ਹੁੰਦਾ ਗਿਆ। ਉੱਥੇ ਹੀ ਨਸ਼ੇੜੀ ਹੋਣ ਕਾਰਨ ਉਸ ਦੇ ਸਾਰੇ ਸੱਜਣ ਉਸ ਤੋਂ ਦੂਰੀ ਰੱਖਣ ਲੱਗੇ। ਅਖੀਰ ਵਿੱਚ ਹੌਲੀ ਹੌਲੀ ਇਹ ਖਿਡਾਰੀ ਬੁਰੀ ਤਰਾਂ ਨਾਲ ਨਸ਼ੇ ਦੀ ਲੱਤ ਕਾਰਨ ਨਕਾਰਾਤਮਿਕ ਸੋਚ ਦੇ ਘੇਰੇ ਹੇਠ ਦੱਬਣਾ ਸ਼ੁਰੂ ਹੋ ਗਿਆ। ਇਸ ਦੌਰਾਨ ਉਸ ਨੂੰ ਵਾਰ ਵਾਰ ਆਤਮ ਹੱਤਿਆ ਵਰਗੇ ਵਿਚਾਰ ਵੀ ਮਨ 'ਚ ਆਉਣੇ ਸ਼ੁਰੂ ਹੋ ਗਏ ਅਤੇ ਇਸੇ ਦੌਰਾਨ ਹੀ ਉਸ ਨੇ ਮਰਨ ਦੀ ਬਜਾਏ ਨਸ਼ਾ ਛੱਡ ਕੇ ਮੁੜ ਨਿਰੋਲ ਜੀਵਨ ਜੀਨ ਦਾ ਪ੍ਰਣ ਲਿਆ ਅਤੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੋ ਗਿਆ।
ਉੱਥੇ ਦੂਜੇ ਪਾਸੇ ਗੁਰਦਾਸਪੁਰ ਦੇ ਰੈੱਡਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਫ਼ਿਲਹਾਲ ਇਹ ਖਿਡਾਰੀ ਨਸ਼ਾ ਮੁਕਤ ਅਤੇ ਤੰਦਰੁਸਤ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ।
"ਖ਼ੁਲਾਸਾ"
ਖੇਡਾਂ ਵਿੱਚ ਡੋਪ ਟੈੱਸਟ ਆਦੀ ਹੋਣ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਖਿਡਾਰੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਬੱਡੀ ਖੇਡ ਨੇ ਆਪਣਾ ਵੱਖਰਾ ਮੁਕਾਮ ਬਣਾਇਆ ਹੈ ਅਤੇ ਮੌਜੂਦਾ ਸਮੇਂ ਵਿੱਚ ਲੋਕ ਵੀ ਇਸ ਨੂੰ ਕ੍ਰਿਕਟ ਮੈਚ ਵਾਂਗ ਵੇਖਣਾ ਪਸੰਦ ਕਰਦੇ ਹਨ ਅਤੇ ਦਰਸ਼ਕ ਵਧਣ ਕਾਰਨ ਮੁਨਾਫ਼ਾ ਵਧਣਾ ਵੀ ਲਾਜ਼ਮੀ ਹੈ। ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦਿਆਂ ਬਹੁਤ ਸਾਰੇ ਲੋਕ ਇਸ ਖੇਡ ਅੰਦਰ ਆਪਣਾ ਕਾਲਾ ਪੈਸਾ ਇਨਸੈੱਟ ਕਰ ਕੇ ਉਸ ਨੂੰ ਸਫ਼ੇਦ ਕਰਨ ਵਿੱਚ ਲੱਗ ਚੁੱਕੇ ਹਨ ਅਤੇ ਜਿਸ ਤਰਾਂ ਕ੍ਰਿਕਟ ਆਦੀ ਮੈਚ ਫਿਕਸ ਹੋ ਰਹੇ ਹਨ। ਉਸੇ ਤਰਾਂ ਕਬੱਡੀ ਦੇ ਮੈਚ ਵੀ ਪਹਿਲਾਂ ਤੋਂ ਹੀ ਫਿਕਸ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇੰਨੇ ਵੱਡੇ ਪੱਧਰ ਦਾ ਬਜਟ ਹੋਣ ਕਾਰਨ ਪ੍ਰਮੋਟਰਾਂ ਵੱਲੋਂ ਹਰ ਪਰ ਮੋਟਰਾਂ ਨੂੰ ਆਪਣੇ ਹਿਸਾਬ ਨਾਲ ਖ਼ਰੀਦਿਆ ਜਾ ਰਿਹਾ ਹੈ ਅਤੇ ਖਿਡਾਰੀਆਂ ਨੂੰ ਨਸ਼ਾ ਦੇਣ ਮਗਰੋਂ ਖੇਡ ਤੋਂ ਪਹਿਲਾਂ ਹੋਣ ਵਾਲੇ ਡੋਪ ਟੈੱਸਟ ਵਿੱਚ ਵੀ ਇਹ ਲੋਕ ਪੈਸੇ ਦੇ ਜ਼ੋਰ ਤੇ ਸੈਟਿੰਗ ਕਰ ਲੈਂਦੇ ਹਨ।