ਅਸ਼ੋਕ ਵਰਮਾ
ਬਠਿੰਡਾ ,8 ਜਨਵਰੀ 2020 - ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ਵਿਖੇ ਓਪੀਡੀ ਸੇਵਾਵਾਂ ਲਈ ਏਮਜ਼ ਪ੍ਰਬੰਧਕਾਂ ਨੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਲਈ ਸਮਾਂ ਵਧਾ ਦਿੱਤਾ ਹੈ । ਨਵੇਂ ਸਮੇਂ ਮੁਤਾਬਿਕ ਮਰੀਜ਼ 12 ਵਜੇ ਤੱਕ ਆਪਣੀ ਰਜਿਸਟਰੇਸ਼ਨ ਕਰਾ ਸਕਣਗੇ । ਹੁਣ ਰਜਿਸਟਰੇਸ਼ਨ ਸਵੇਰੇ 8.30ਵਜੇ ਤੋਂ 12 ਵਜੇ ਤੱਕ ਖੁੱਲ੍ਹੀ ਰਿਹਾ ਕਰੇਗੀ ।
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਪਹਿਲਕਦਮੀ ਤੇ ਇਹ ਫੈਸਲਾ ਲਿਆ ਗਿਆ ਹੈ ।ਬੀਬਾ ਬਾਦਲ ਨੇ ਇਸ ਸਬੰਧੀ ਜਾਣਕਾਰੀ ਅੱਜ ਟਵੀਟ ਕਰਕੇ ਦਿੱਤੀ ਹੈ ।ਬੀਬੀ ਬਾਦਲ ਨੇ ਕਿਹਾ ਕਿ ਠੰਢ ਕਾਰਨ ਮਰੀਜ਼ਾਂ ਨੂੰ ਸਮੱਸਿਆ ਆਉਂਦੀ ਸੀ ਜਿਸ ਕਰਕੇ ਉਨ੍ਹਾਂ ਨੇ ਏਮਜ਼ ਪ੍ਰਬੰਧਕਾਂ ਨੂੰ ਅਪੀਲ ਕੀਤੀ ਸੀ ।ਉਨ੍ਹਾਂ ਦੱਸਿਆ ਕਿ ਹੁਣ 29 ਫਰਵਰੀ ਤੱਕ ਏਮਜ਼ ਦੀ ਰਜਿਸਟ੍ਰੇਸ਼ਨ ਨਵੇਂ ਸਮੇਂ ਮੁਤਾਬਕ ਹੋਵੇਗੀ ।ਕੇਂਦਰੀ ਮੰਤਰੀ ਨੇ ਏਮਜ਼ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਹੈ ।ਦੱਸਣਯੋਗ ਹੈ ਕਿ ਲੰਘੀ 23ਦਸੰਬਰ ਨੂੰ ਏਮਜ਼ ਵਿੱਚ ਓ ਪੀ ਡੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਸੀ ।