ਮਨਿੰਦਰਜੀਤ ਸਿੱਧੂ
- ਕੈਪਟਨ ਅਮਰਿੰਦਰ ਸਿੰਘ ਦਾ ਸੁਪਨਾ ਹੱਸਦਾ ਵੱਸਦਾ, ਤੰਦਰੁਸਤ ਪੰਜਾਬ- ਸਦੀਕ
ਜੈਤੋ, 13 ਸਤੰਬਰ 2020 - ਸਥਾਨਕ ਲੋਕਾਂ ਦੀ ਬੜੇ ਲੰਮੇ ਸਮੇਂ ਤੋਂ ਨਹਿਰੂ ਪਾਰਕ ਵਿਖੇ ਓਪਨ ਜਿੰਮ ਬਨਾਉਣ ਦੀ ਮੰਗ ਨੂੰ ਪੂਰੀ ਕਰਦਿਆਂ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ 8 ਲੱਖ 43 ਹਜਾਰ 833 ਰੁਪਏ ਦੀ ਲਾਗਤ ਵਾਲੀ ਓਪਨ ਜਿੰਮ ਅਤੇ ਲਾਈਟਾਂ ਨੂੰ ਲੋਕ ਅਰਪਣ ਕਰਦਿਆਂ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ। ਮੁਹੰਮਦ ਸਦੀਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਟੀਚਾ ਹੀ ਹੱਸਦਾ ਵੱਸਦਾ, ਤੰਦਰੁਸਤ ਪੰਜਾਬ ਹੈ।
ਉਹਨਾਂ ਕਿਹਾ ਕਿ ਓਪਨ ਜਿੰਮ ਲੱਗਣ ਨਾਲ ਇੱਥੇ ਆਉਣ ਵਾਲੇ ਸ਼ਹਿਰਵਾਸੀਆਂ ਨੂੰ ਆਪਣੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਹਲਕੀਆਂ ਫੁਲਕੀਆਂ ਕਸਰਤ ਕਰਨ ਵਿੱਚ ਆਸਾਨੀ ਹੋਵੇਗੀ। ਉਹਨਾਂ ਕਿਹਾ ਕਿ ਖੇਡਾਂ ਮਨੁੱਖ ਨੂੰ ਸਿਹਤਮੰਦ ਰੱਖਦੀਆਂ ਹਨ ਅਤੇ ਖੇਡਾਂ ਨਾਲ ਜੁੜ ਕੇ ਮਨੁੱਖ ਮਾੜੀਆਂ ਅਲਾਮਤਾਂ ਤੋਂ ਬਚਿਆ ਰਹਿੰਦਾ ਹੈ। ਇਸ ਮੌਕੇ ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜਾਕ ਨੇ ਕਿਹਾ ਕਿ ਮੁਹੰਮਦ ਸਦੀਕ ਜੀ ਨੇ ਜੈਤੋ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਬੀੜਾ ਚੁੱਕਿਆ ਹੈ। ਅੱਜ ਤੱਕ ਦਾ ਪਹਿਲਾ ਐਮ.ਪੀ. ਹੈ ਜਿਸਨੇ ਸਭ ਤੋਂ ਵੱਧ ਗਰਾਂਟਾਂ ਜੈਤੋ ਹਲਕੇ ਲਈ ਦਿੱਤੀਆਂ ਹਨ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦਾ ਪੂਰਨ ਖਿਆਲ ਰੱਖ ਰਹੀ ਹੈ। ਇਸ ਮੌਕੇ ਐਸ.ਡੀ.ਐਮ. ਜੈਤੋ ਡਾ. ਮਨਦੀਪ ਕੌਰ, ਡੀ.ਐਸ.ਪੀ. ਜੈਤੋ ਪਰਮਿੰਦਰ ਸਿੰਘ ਗਰੇਵਾਲ, ਸੱਤਪਾਲ ਡੋਡ, ਪ੍ਰਦੀਪ ਗਰਗ ਮਲੋਟ ਵਾਲੇ, ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਗੁਰਸੇਵਕ ਸਿੰਘ ਜੈਤੋ ਆਦਿ ਹਾਜਰ ਸਨ।