ਆਉਣ ਵਾਲੇ ਸਮੇਂ ਵਿਚ ਖਿਡਾਰੀਆਂ ਦੇ ਵਿਕਾਸ ਲਈ ਯਤਨ ਕੀਤੇ ਜਾਣਗੇ ਤੇਜ਼, ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ
ਜਲੰਧਰ, 21 ਸਤੰਬਰ 2020 - ਸੁਰਜੀਤ ਹਾਕੀ ਸੁਸਾਇਟੀ ਜਲੰਧਰ ਵੱਲੋਂ ਹਾਕੀ ਦੇ ਵਿਕਾਸ ਲਈ ਅਤੇ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤੇ ਜਾਂਦੇ ਉਪਰਾਲਿਆਂ ਨੂੰ ਅੱਗੇ ਵਧਾਉਂਦੇ ਅੱਜ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ (ਆਈ. ਏ. ਐਸ.) ਅਤੇ ਸਮੂਹ ਸੁਸਾਇਟੀ ਮੈਂਬਰਾਂ ਵੱਲੋਂ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ। ਸੁਸਾਇਟੀ ਵੱਲੋਂ ਗਠਿਤ ਟੀਮ ਵੱਲੋਂ ਚੋਣ ਕੀਤੇ ਗਏ ਖਿਡਾਰੀਆਂ ਕੁੰਦਨ, ਮੋਹਿਤ ਕੁਮਾਰ, ਅੰਕਿਤ ਹਨੀ, ਰੌਸ਼ਨ ਪ੍ਰੀਤ ਸਿੰਘ ਅਤੇ ਸਿਮਰਪ੍ਰੀਤ ਸਿੰਘ (ਸਾਰੇ ਮਾਡਲ ਹਾਊਸ), ਸੁਖਪ੍ਰੀਤ ਸਿੰਘ (ਸ਼ਹੀਦ ਬਾਬੂ ਲਾਭ ਸਿੰਘ ਨਗਰ), ਯੁਵਰਾਜ ਸਿੰਘ (ਅਲਡਿਕੋ ਗ੍ਰੀਨ ਕਾਲੋਨੀ), ਗੁਰਨੂਰ ਸਿੰਘ (ਬਸ਼ੀਰ ਪੁਰਾ), ਦਿਨੇਸ਼ ਕੁਮਾਰ (ਬੂਟਾ ਮੰਡੀ), ਮੋਰਿੱਸ (ਰਾਜਗੁਰੂ ਨਗਰ), ਸਾਹਿਲ ਸੈਮੂਅਲ, ਨੀਰਜ ਸ਼ੀਂਹਮਾਰ ਅਤੇ ਹੈਰੀ ਕੁਮਾਰ (ਸਾਰੇ ਪਿੰਡ ਗਾਖਲ), ਜਸਪ੍ਰੀਤ ਕੌਰ, ਜਾਵੇਦ ਅਤੇ ਪ੍ਰਭਦੀਪ ਸਿੰਘ (ਸਾਰੇ ਮਿੱਠਾਪੁਰ) ਨੂੰ ਇਹ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਸ੍ਰੀ ਥੋਰੀ ਨੇ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਖਿਡਾਰੀਆਂ ਦੇ ਵਿਕਾਸ ਲਈ ਵਚਨਬੱਧ ਹੈ। ਉਨਾਂ ਸੁਸਾਇਟੀ ਦੇ ਮੈਂਬਰਾਂ ਵੱਲੋਂ ਹਾਕੀ ਦੇ ਵਿਕਾਸ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਸਮੂਹ ਸੁਸਾਇਟੀ ਮੈਂਬਰ ਵਧਾਈ ਦੇ ਪਾਤਰ ਹਨ।
ਉਨਾਂ ਕਿਹਾ ਕਿ ਕੋਰੋਨਾ ਕਾਰਨ ਸੁਸਾਇਟੀ ਦੀਆਂ ਗਤੀਵਿਧੀਆਂ ਬਹੁਤ ਪ੍ਰਭਾਵਿਤ ਹੋਈਆਂ ਹਨ ਪਰ ਹਾਲਾਤ ਠੀਕ ਹੁੰਦਿਆਂ ਹੀ ਸੁਸਾਇਟੀ ਵੱਲੋਂ ਪਹਿਲਾਂ ਨਾਲੋਂ ਵੱਧ ਚੜ ਕੇ ਖੇਡਾਂ ਅਤੇ ਖਿਡਾਰੀਆਂ ਦੀ ਬਿਹਤਰੀ ਲਈ ਕੰਮ ਕੀਤੇ ਜਾਣਗੇ। ਸ੍ਰੀ ਥੋਰੀ ਨੇ ਕਿਹਾ ਕਿ ਜਲੰਧਰ ਖੇਡ ਉਦਯੋਗ ਦਾ ਧੁਰਾ ਹੈ ਤੇ ਉਹ ਬਹੁਤ ਜਲੰਧਰ ਖੇਡ ਸਨਅਤਕਾਰਾਂ ਨਾਲ ਮੁਲਾਕਾਤ ਕਰਕੇ ਖਿਡਾਰੀਆਂ ਲਈ ਵਧੀਆ ਸਪਾਂਸਰਸ਼ਿਪਾਂ ਲੈ ਕੇ ਆਉਣਗੇ। ਇਸ ਮੌਕੇ ਸੁਸਾਇਟੀ ਦੇ ਸਕੱਤਰ ਸ੍ਰੀ ਇਕਬਾਲ ਸਿੰਘ ਸੰਧੂ ਨੇ ਸ੍ਰੀ ਘਨਸ਼ਿਆਮ ਥੋਰੀ ਦਾ ਧੰਨਵਾਦ ਕੀਤਾ। ਇਸ ਮੌਕੇ ਜਸਬੀਰ ਸਿੰਘ ਏ. ਡੀ. ਸੀ. (ਜਰਨਲ), ਮੀਤ ਪ੍ਰਧਾਨ ਲਖਵਿੰਦਰਪਾਲ ਸਿੰਘ ਖਹਿਰਾ, ਸਕੱਤਰ ਇਕਬਾਲ ਸਿੰਘ ਸੰਧੂ, ਮੀਤ ਪ੍ਰਧਾਨ ਅਮਰੀਕ ਸਿੰਘ ਪਵਾਰ, ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਰਣਬੀਰ ਟੁੱਟ, ਮਿਸਟਰ ਪ੍ਰਿੰਸ, ਉਲੰਪੀਅਨ ਰਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ। ਸੁਰਜੀਤ ਹਾਕੀ ਸਟੇਡੀਅਮ 'ਚ ਲੱਗੇਗਾ ਵਾਟਰ ਕੂਲਰ : ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਸ੍ਰੀ ਘਨਸ਼ਿਆਮ ਥੋਰੀ ਨੇ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖਿਡਾਰੀਆਂ ਦੇ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਦੇ ਹੋਏ ਵਾਟਰ ਕੂਲਰ ਸਮੇਤ ਫਿਲਟਰ ਲਗਵਾਉਣ ਦੇ ਹੁਕਮ ਜਾਰੀ ਕੀਤੇ। ਕੈਪਸ਼ਨ ਖਿਡਾਰੀ ਸੁਖਪ੍ਰੀਤ ਸਿੰਘ, ਯੁਵਰਾਜ ਸਿੰਘ, ਜਸਪ੍ਰੀਤ ਸਿੰਘ ਨੂੰ ਖੇਡ ਕਿੱਟਾਂ ਦਿੰਦੇ ਹੋਏ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਣ ਥੋਰੀ ਤੇ ਸੁਸਾਇਟੀ ਦੇ ਮੈਂਬਰ।