ਅਸ਼ੋਕ ਵਰਮਾ
ਬਠਿੰਡਾ, 16 ਅਕਤੂਬਰ 2020: ਦਿਲ ਫੇਲ੍ਹ ਹੋ ਜਾਣ ਵਾਲੇ ਰੋਗੀਆਂ ਲਈ ਹਾਰਟ ਟਰਾਸਪਲਾਂਟ ਸਰਜਰੀ ਵਰਦਾਨ ਸਾਬਤ ਹੋਈ ਹੈ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਲਈ ਇਹੋ ਇੱਕ ਬਦਲ ਹੈ।ਦਿਲ ਦੀਆਂ ਬਿਮਾਰੀਆਂ ਖਾਸ ਤੌਰ ਤੇ ਹਾਰਟ ਫੇਲ ਖੂਨ ਦੀਆਂ ਨਾੜੀਆਂ ਵਿਚ ਚਰਬੀ ਦੀ ਪਰਤ ਦੇ ਬਣਨ ਨਾਲ ਹੁੰਦਾ ਹੈ। ਇਸ ਲਈ ਅਧੁਨਿਕ ਜੀਵਨ ਸ਼ੈਲੀ, ਤੰਬਾਕੂ ਦੀ ਵਰਤੋਂ,ਮੋਟਾਪਾ ਹਾਈ ਕੋਲੈਸਟਰੋਲ ,ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਮੁੱਖ ਤੌਰ ਤੇ ਇਸ ਲਈ ਜਿੰਮੇਵਾਰ ਹਨ। ਹਾਰਟ ਫੇਲ੍ਹ ਦੇ ਦੌਰੇ ਦੌਰਾਨ ਮਰੀਜ ਦਾ ਦਿਲ ਆਮ ਤੌਰ ਤੇ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਕਾਰਨ ਉਸਨੂੰ ਹਾਰਟ ਟ੍ਰਾਂਸਪਲਾਂਟ ਦੀ ਜਰੂਰਤ ਹੁੰਦੀ ਹੈ।
ਮੈਕਸ ਹਸਪਤਾਲ ਬਠਿੰਡਾ ਦੇ ਕਾਰਡੀਆਕ ਸਰਜਨ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਹਾਰਟ ਫੇਲੀਅਰ ਦੇ ਮੁਢਲੇ ਲੱਛਣ ਵਧਦੀ ਉਮਰ ਜਾਂ ਹੋਰ ਬਿਮਾਰੀਆਂ ਦੇ ਬਰਾਬਰ ਹੁੰਦੇ ਹਨ। ਉਨਾਂ ਦੱਸਿਆ ਕਿ ਆਮ ਤੌਰ ਤੇ ਇੰਨਾਂ ਲੱਛਣਾ ਨੂੰ ਨਜ਼ਰਅੰਦਾਜ ਕਰਨ ਤੇ ਸਮੱਸਿਆ ਵਧ ਜਾਂਦੀ ਹੈ ਅਤੇ ਜਦੋਂ ਧਿਆਨ ਦਿੱਤਾ ਜਾਂਦਾ ਹੈ ਤਾਂ ਉਦੋਂ ਤੱਕ ਹਾਰਟ ਟਰਾਂਸਪਲਾਂਟ ਦੀ ਨੌਬਤ ਆ ਚੁੱਕੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੌੜੀਆਂ ਚੜਨ ਨਾਲ ਮਰੀਜ ਦਾ ਸਾਹ ਫੁੱਲਣ ਲਗਦਾ ਹੈ ਅਤੇ ਬੈਠਿਆਂ ਵੀ ਸਾਹ ਲੈਣ ’ਚ ਦਿੱਕਤ ਆਉਂਦੀ ਹੈ।
ਇਸ ਤੋਂ ਇਲਾਵਾ, ਖੰਘ, ਥਕਾਵਟ, ਭੁੱਖ ਘੱਟ ਹੋਣਾ, ਅਕਸਰ ਪਿਸ਼ਾਬ ਆਉਣ ਵੀ ਦਿਲ ਦੀ ਅਸਫਲਤਾ ਦੇ ਸੰਕੇਤ ਹਨ। ਡਾ: ਕੇਵਲ ਕ੍ਰਿਸ਼ਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਰਟ ਟ੍ਰਾਂਸਪਲਾਂਟ ਦੀ ਪ੍ਰਕਿਰਿਆ ਵਿਚ 3 ਆਪ੍ਰੇਸ਼ਨ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਜੇ ਸਰਜਰੀ ਵਿਚ ਕੋਈ ਸਮੱਸਿਆ ਨਾਂ ਆਵੇ ਤਾਂ ਮਰੀਜ ਆਪਰੇਸ਼ਨ ਦੇ ਇਕ ਹਫਤੇ ਦੇ ਅੰਦਰ ਘਰ ਵਾਪਸ ਜਾ ਸਕਦਾ ਹੈ। ਉਨਾਂ ਦੱਸਿਆ ਕਿ ਹਾਰਟ ਟ੍ਰਾਂਸਪਲਾਂਟ ਸਿਰਫ ਡੋਨਰ ਦੇ ਪਰਿਵਾਰ ਦੀ ਸਹਾਇਤਾ ਨਾਲ ਹੀ ਸੰਭਵ ਹੈ।