ਰਿਵਰਸ ਫਲਿੱਕ@ ਨਵਦੀਪ ਸਿੰਘ ਗਿੱਲ (97800-36216)
ਭਾਰਤੀ ਹਾਕੀ ਟੀਮ ਨੇ ਖਚਾਖਚ ਭਰੇ ਕਲਿੰਗਾ ਸਟੇਡੀਅਮ ਭੁਵਨੇਸ਼ਵਰ ਵਿਖੇ ਆਪਣੇ ਘਰੇਲੂ ਦਰਸ਼ਕਾਂ ਦਾ ਮਾਣ ਰੱਖਦਿਆਂ ਕੈਨੇਡਾ ਨੂੰ 5-1 ਨਾਲ ਹਰਾ ਕੇ ਧਮਾਕੇਦਾਰ ਜਿੱਤ ਨਾਲ ਕੁਆਰਟਰ ਫ਼ਾਈਨਲ ਵਿੱਚ ਸਿੱਧਾ ਦਾਖਲਾ ਪਾ ਲਿਆ। ਪੂਲ ਸੀ ਵਿੱਚ ਭਾਰਤ ਤੇ ਬੈਲਜੀਅਮ ਦੇ 7-7 ਬਰਾਬਰ ਅੰਕ ਸਨ ਪਰ ਬਿਹਤਰ ਗੋਲ ਔਸਤ ਨਾਲ ਭਾਰਤ ਗਰੁੱਪ ਵਿੱਚ ਚੋਟੀ ਉਤੇ ਰਿਹਾ।ਉਧਰ ਬੈਲਜੀਅਮ ਨੇ ਦੱਖਣੀ ਅਫਰੀਕਾ ਨੂੰ 5-1 ਨਾਲ ਹਰਾ ਕੇ ਬਾਹਰ ਦਾ ਰਾਸਤਾ ਦਿਖਾ ਦਿੱਤਾ।
ਬੈਲਜੀਅਮ ਤੇ ਕੈਨੇਡਾ ਕਰਾਸ ਓਵਰ ਖੇਡਣਗੇ। ਦੱਖਣੀ ਅਫਰੀਕਾ ਦੇ ਕੈਨੇਡਾ ਦੇ ਬਰਾਬਰ ਅੰਕ ਸਨ ਪਰ ਮਾੜੀ ਔਸਤ ਕਾਰਨ ਦੱਖਣੀ ਅਫਰੀਕਾ ਬਾਹਰ ਹੋ ਗਿਆ।
ਭਾਰਤੀ ਟੀਮ ਨੇ ਅੱਜ ਪਹਿਲੇ ਕੁਆਰਟਰ ਵਿੱਚ ਹਰਮਨਪ੍ਰੀਤ ਸਿੰਘ ਦੇ ਪੈਨਲਟੀ ਕਾਰਨਰ ਉਪਰ ਗੋਲ ਸਦਕਾ ਲੀਡ ਲੈ ਲਈ। ਅੱਧੇ ਸਮੇਂ ਤੱਕ ਲੀਡ ਕਾਇਮ ਰਹੀ। ਤੀਜੇ ਕੁਆਰਟਰ ਵਿੱਚ ਕੈਨੇਡਾ ਨੇ ਜਦੋਂ ਗੋਲ ਕਰ ਕੇ ਬਰਾਬਰੀ ਕਰ ਦਿੱਤੀ ਤਾਂ ਭਾਰਤੀ ਖੇਮੇ ਵਿੱਚ ਖਲਬਲੀ ਮਚ ਗਈ। ਚੌਥੇ ਕੁਆਰਟਰ ਵਿੱਚ ਜ਼ਖਮੀ ਸ਼ੇਰਾਂ ਵਾਂਗ ਵਾਂਗ ਉਤਰੀ ਭਾਰਤੀ ਟੀਮ ਨੇ ਉਤੋਤੜੀ ਹਮਲੇ ਕਰਦਿਆਂ ਚਾਰ ਗੋਲ ਕੀਤੇ। ਮੈਨ ਆਫ ਦਾ ਮੈਚ ਰਹੇ ਲਲਿਤ ਉਪਾਧਿਆਇਆ ਨੇ ਦੋ ਅਤੇ ਅਮਿਤ ਤੇ ਚੇਂਗਲੇਸਾਨਾ ਨੇ ਇਕ-ਇਕ ਗੋਲ ਕੀਤਾ। ਭਾਰਤੀ ਟੀਮ ਨੇ 5-1 ਨਾਲ ਵੱਡੀ ਜਿੱਤ ਹਾਸਲ ਕਰਦਿਆਂ ਸ਼ਾਨ ਨਾਲ ਕੁਆਰਟਰ ਫ਼ਾਈਨਲ ਵਿੱਚ ਸਿੱਧਾ ਦਾਖਲਾ ਪਾ ਲਿਆ।