ਗੁਰਨਾਮ ਸਿੱਧੂ
ਫਿਰੋਜ਼ਪੁਰ 19 ਅਗਸਤ, 2019 - ਗੌਰਮਿੰਟ ਟੀਚਰਜ਼ ਯੂਨੀਅਨ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਸਾਂਝੇ ਰੂਪ ਚ ਕਿਹਾ ਕਿ ਜੋ ਅਧਿਆਪਕ ਘਰ ਤੋਂ 50 ਤੋਂ 250 ਕਿਲੋਮੀਟਰ ਦੂਰ ਦੇ ਸਕੂਲਾਂ ਵਿਚ ਨਿਯੁਕਤ ਹਨ ਉਨ੍ਹਾਂ ਨੂੰ ਤਬਾਦਲਿਆਂ ਦੀਆਂ ਜਾਰੀ ਲਿਸਟਾਂ ਵਿਚ ਪਹਿਲ ਨਾ ਦੇਣਾ ਉਨ੍ਹਾਂ ਅਧਿਆਪਕਾਂ ਨਾਲ 'ਬੇਇਨਸਾਫੀ' ਹੈ। ਵਿਭਾਗ ਵੱਲੋਂ ਹੈਡ ਟੀਚਰਾਂ ਦੀਆਂ ਪੋਸਟਾਂ ਚੁੱਪ ਚੁਪੀਤੇ ਖ਼ਤਮ ਕਰਨ ਕਾਰਨ ਇਨ੍ਹਾਂ ਪੋਸਟਾਂ ਤੇ ਕੰਮ ਕਰਦੇ ਹੈੱਡ ਟੀਚਰ ਹਵਾ ਵਿਚ ਹਨ ਕਿਉਂਕਿ ਉਨ੍ਹਾਂ ਦੇ ਸਕੂਲਾਂ ਵਿਚ ਈਟੀਟੀ ਅਧਿਆਪਕ ਬਦਲੀ ਕਰਵਾ ਕੇ ਆ ਗਏ ਹਨ।
ਤਬਾਦਲਾ ਨੀਤੀ ਵਿਚ ਮਿਊਚੁਅਲ ਬਦਲੀ ਲਈ 125 ਅੰਕਾਂ ਦੀ ਗੈਰ ਜ਼ਰੂਰੀ ਸ਼ਰਤ ਕਾਰਨ ਕਾਫੀ ਅਧਿਆਪਕ ਬਦਲੀਆਂ ਕਰਵਾਉਣ ਤੋਂ ਵਾਂਝੇ ਰਹਿ ਗਏ ਹਨ। ਇਸ ਦੇ ਨਾਲ ਹੀ ਬਦਲੀਆਂ ਲਈ ਜਾਰੀ ਕੀਤੀ ਗਈ ਤਿੰਨ ਵਾਰ ਖਾਲੀ ਸਟੇਸ਼ਨਾਂ ਦੀ ਲਿਸਟ ਵਿਚ ਕਾਫੀ ਸਟੇਸ਼ਨਾਂ ਨੂੰ ਲਕਾਉਣਾ ਦਾਲ ਵਿਚ ਕਾਲਾ ਹੋਣ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਤਿੰਨ ਗੇੜਾ ਵਿਚ ਹੋਈਆਂ ਹਨ ਉਨ੍ਹਾਂ ਦੇ ਪੁਆਇੰਟਾਂ ਦਾ ਜ਼ਿਕਰ ਵੀ ਬਦਲੀ ਦੀ ਜਾਰੀ ਸੂਚੀ ਵਿਚ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਕਈ ਅਧਿਆਪਕਾਂ ਨੇ ਇਹ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਦੇ ਪੁਆਇੰਟ ਜ਼ਿਆਦਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਬਦਲੀਆਂ ਨਹੀਂ ਹੋਈਆਂ ਤੇ ਘੱਟ ਪੁਆਇੰਟ ਵਾਲੇ ਅਧਿਆਪਕਾਂ ਦੀਆਂ ਹੋ ਗਈਆਂ ਹਨ। ਇਸ ਤੋਂ ਇਲਾਵਾ ਬਦਲੀ ਕਰਵਾ ਕੇ ਆਏ ਅਧਿਆਪਕਾਂ ਕਾਰਨ ਕਈ ਸਕੂਲਾਂ ਵਿਚ ਪੋਸਟਾਂ ਸਰਪਲਸ ਹੋ ਗਈਆਂ ਹਨ, ਜਿਸ ਕਾਰਨ ਪੁਰਾਣੇ ਅਧਿਆਪਕ ਚਿੰਤਾ ਵਿਚ ਹਨ ਕਿ ਵਿਭਾਗ ਘੱਟ ਵਿਦਿਆਰਥੀਆਂ ਦਾ ਬਹਾਨਾ ਲਾ ਕੇ ਹੁਣ ਉਨ੍ਹਾਂ ਨੂੰ ਦੂਜੇ ਸਕੂਲਾਂ ਵਿਚ ਸ਼ਿਫਟ ਕਰੇਗਾ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਉਨ੍ਹਾਂ ਸਿੱਖਿਆ ਮੰਤਰੀ ਤੋਂ ਯੂਨੀਅਨ ਨਾਲ ਅਧਿਕਾਰੀਆਂ ਸਮੇਤ ਜਲਦ ਮੀਟਿੰਗ ਕਰਨ ਦੀ ਮੰਗ ਕੀਤੀ ਤਾਂ ਜੋ ਅਧਿਆਪਕਾਂ ਨੂੰ ਇਨਸਾਫ ਮਿਲ ਸਕੇ।