ਡਾ. ਸੁਖਬੀਰ ਸੰਧੂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਡਾ ਅਹੁਦਾ ਸੰਭਾਲਿਆ
ਅੰਮ੍ਰਿਤਸਰ, 30 ਅਕਤੂਬਰ 2019 : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਸੀਨੀਅਰ ਆਈ.ਏ.ਐਸ. ਅਫਸਰ, ਡਾ. ਸੁਖਬੀਰ ਸਿੰਘ ਸੰਧੂ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ .
ਯੂਨੀਵਰਸਿਟੀ ਸਿੰਡੀਕੇਟ, ਸੈਨੇਟ ਮੈਂਬਰਾਂ, ਫੈਕਲਟੀ ਮੈਂਬਰਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜੇ ਗਏ ਹਨ। ਡਾ. ਸੰਧੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਸਟਰ ਇਨ ਹਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਕਾਨੂੰਨ ਵਿਸ਼ੇ ਵਿਚ ਵੀ ਗਰੈਜੂਏਸ਼ਨ ਕੀਤੀ ਹੋਈ ਹੈ।
ਡਾ. ਸੁਖਬੀਰ ਸਿੰਘ ਸੰਧੂ ਉਤਰਾਖੰਡ ਕੇਡਰ ਤੋਂ 1988 ਬੈਚ ਦੇ ਆਈ.ਏ.ਐਸ. ਅਫਸਰ ਹਨ। ਉੇਹ ਆਪਣੀਆਂ ਸੇਵਾਵਾਂ ਕੇਂਦਰ ਸਰਕਾਰ ਦੇ ਅਹਿਮ ਅਹੁਦਿਆਂ ਤੋਂ ਨਿਭਾਉਂਦੇ ਹੋਏ ਹੁਣ ਨੈਸ਼ਨਲ ਹਾਈਵੇਅ ਅਥਾਰਥੀ ਆਫ ਇੰਡੀਆ ਦੇ ਚੇਅਰਮੈਨ ਬਣੇ ਹਨ। ਉਨ੍ਹਾਂ ਦੀਆਂ ਉਤਰਾਖੰਡ, ਉਤਰ ਪ੍ਰਦੇਸ਼ ਅਤੇ ਪੰਜਾਬ ਸਰਕਾਰ ਵਿਚ ਨਿਭਾਈਆਂ ਗਈਆਂ ਸੇਵਾਵਾਂ ਵੀ ਹਮੇਸ਼ਾ ਜ਼ਿਕਰਯੋਗ ਰਹੀਆਂ ਹਨ। ਮਨੁੱਖੀ ਸਰੋਤ ਅਤੇ ਵਿਕਾਸ ਮੰਤਰਰਾਲੇ ਵਿਚ ਉਚੇਰੀ ਸਿਖਿਆ ਵਿਭਾਗ ਵਿਚ ਵਧੀਕ ਸਕੱਤਰ ਵਜੋਂ ਕਾਰਜ ਕਰਨ ਉਪਰੰਤ ਤਕਨੀਕੀ ਸਿਖਿਆ ਵਿਚ ਨਵੀਨਤਾ ਲਿਆਉਣ ਲਈ ਵੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ ਰਾਜ ਸੜਕ ਪ੍ਰਬੰਧ, ਢਾਂਚਾ ਵਿਕਾਸ ਪ੍ਰਬੰਧ, ਪੀ.ਪੀ.ਪੀ. ਪ੍ਰੋਜੈਕਟ, ਫਾਈਨੈਂਸ, ਅਰਬਨ ਡਿਵੈਲਪਮੈਂਟ, ਵਾਤਾਵਰਣ, ਸਿਹਤ ਤੇ ਪਰਿਵਾਰ ਭਲਾਈ, ਟੂਰਿਜ਼ਮ, ਰੈਵੀਨਿਊ ਪ੍ਰਬੰਧ, ਪੇਂਡੂ ਵਿਕਾਸ, ਪਾਵਰ, ਨਿਊ ਐਂਡ ਰੀਨਿਊਏਬਲ ਐਨਰਜੀ, ਸੂਚਨਾ ਤਕਨਾਲੋਜੀ, ਇੰਡਸਟਰੀ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਦਾ ਵਿਸ਼ੇਸ਼ ਤਜਰਬਾ ਹਾਸਲ ਹੈ ਜਿਸ ਦੀ ਬਦੌਲਤ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਇਸ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਹੈ।
ਉਨ੍ਹਾਂ ਦਾ ਅਮਰੀਕਾ ਦੇ ਹਾਰਵਰਡ ਬਿਜ਼ਨਲ ਸਕੂਲ, ਬੌਸਟਨ ਵਿਚ 'ਭਾਰਤੀ ਸ਼ਹਿਰਾਂ ਦੀ ਤਣਾਅਮੁਕਤੀ' ਵਿਸ਼ੇ 'ਤੇ ਦਿੱਤੇ ਵਿਸ਼ੇਸ਼ ਭਾਸ਼ਣ ਨੇ ਉਨ੍ਹਾਂ ਨੂੰ ਜਿਥੇ ਇਕ ਅੰਤਰਰਾਸ਼ਟਰੀ ਪਹਿਚਾਣ ਵੀ ਦਿੱਤੀ ਹੈ ਉਥੇ ਭਾਰਤੀ ਸ਼ਹਿਰਾਂ ਵਿਚ ਵਸਣ ਵਾਲੇ ਲੋਕਾਂ ਨੂੰ ਤਣਾਅਮੁਕਤ ਕਰਨ ਬਾਰੇ ਦਿੱਤੇ ਗਏ ਸੁਝਾਵਾਂ ਨੂੰ ਵੀ ਸਰਕਾਰ ਨੇ ਅਹਿਮ ਮੰਨਿਆ। ਇਸ ਤੋਂ ਇਲਾਵਾ ਉਹ ਐਲ.ਬੀ.ਐਸ. ਨੈਸ਼ਨਲ ਅਕਾਦਮੀ ਆਫ ਐਡਮਨਿਸਟਰੇਸ਼ਨ, ਮਸੂਰੀ ਵਿਚ ਵੀ ਵਿਸ਼ੇਸ਼ ਬੁਲਾਰੇ ਦੇ ਤੌਰ ਆਪਣੀ ਹਾਜਰੀ ਲਵਾਉਂਦੇ ਹਨ। ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਦੇ ਕਮਿਸ਼ਨਰ ਵਜੋਂ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਧਿਆਨ ਵਿਚ ਰਖਦਿਆਂ ਹੀ ਉਨ੍ਹਾਂ ਨੂੰ ਪ੍ਰੈਜ਼ੀਡੈਂਟ ਮੈਡਲ ਵੀ ਪ੍ਰਦਾਨ ਕੀਤਾ ਗਿਆ ਹੈ।