ਪੀ ਸੀ ਐੱਸ ਅਧਿਕਾਰੀ ਵਿਨੋਦ ਬਾਂਸਲ ਦੀ ਫਾਈਲ ਫੋਟੋ
ਜਗਦੀਸ਼ ਥਿੰਦ
ਫਾਜ਼ਿਲਕਾ 31 ਮਾਰਚ : ਐਸ ਡੀ ਐਮ ਅਬੋਹਰ ਵਿਨੋਦ ਬਾਂਸਲ ਨੂੰ ਪੰਜਾਬ ਸਰਕਾਰ ਵੱਲੋਂ ਹੋਏ ਤਬਾਦਲੇ ਦੇ ਹੁਕਮਾਂ ਬਾਅਦ ਰਿਲੀਵ ਕਰ ਦਿੱਤਾ ਗਿਆ ਹੈ । ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵੱਲੋਂ ਤਹਿਸੀਲਦਾਰ ਅਬੋਹਰ ਜਸਪਾਲ ਸਿੰਘ ਬਰਾੜ ਨੂੰ ਐੱਸ ਡੀ ਐੱਮ ਅਬੋਹਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ ।
ਐੱਸ ਡੀ ਐੱਮ ਅਬੋਹਰ ਵਿਨੋਦ ਬਾਂਸਲ ਦਾ ਤਬਾਦਲਾ ਉੱਪ ਸਕੱਤਰ ਮਾਲ ਅਤੇ ਸ਼ਿਕਾਇਤਾਂ ਪੰਜਾਬ ਚੰਡੀਗੜ੍ਹ ਦੇ ਅਹੁਦੇ ਉੱਪਰ ਹੋਇਆ ਹੈ ।
ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜਨਤਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਵਿਨੋਦ ਬਾਂਸਲ ਪੀ ਸੀ ਐਸ ਦਾ ਤਬਾਦਲਾ ਕੀਤਾ ਗਿਆ ਹੈ ।
ਐੱਸ ਡੀ ਐੱਮ ਅਬੋਹਰ ਵਿਨੋਦ ਬਾਂਸਲ ਨੇ ਕਰਫ਼ਿਊ ਦੌਰਾਨ ਨਿਯਮਾਂ ਦੀ ਉਲੰਘਣਾ ਕਰਦਿਆਂ ਆਮ ਲੋਕਾਂ ਤੋਂ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਡੰਡ ਬੈਠਕਾਂ ਕਢਵਾਈਆਂ ਸਨ ।
ਕਥਿਤ ਤੌਰ ਤੇ ਲੋਕਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਸੀ ਕਿ " ਮੈਂ ਕੁੱਤਾ ਹਾਂ " ।
ਐੱਸ ਡੀ ਐੱਮ ਵੱਲੋਂ ਕੀਤੀ ਗਈ ਇਹ ਕਾਰਵਾਈ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਬਾਅਦ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਆਇਆ ।
ਇਸ ਦੌਰਾਨ ਹੀ ਡੀ ਜੀ ਪੀ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਪੁਲਿਸ ਨੂੰ ਹਦਾਇਤ ਜਾਰੀ ਕੀਤੀ ਗਈ ਕਿ ਉਹ ਅਜਿਹਾ ਕੁਝ ਨਾ ਕਰਨ ਜਿਸ ਨਾਲ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇ ।
ਚੱਲ ਰਹੇ ਕਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਹਾਲ ਦੀ ਘੜੀ ਪੰਜਾਬ ਸਰਕਾਰ ਵੱਲੋਂ ਕਿਸੇ ਹੋਰ ਪੀ ਸੀ ਐੱਸ ਅਧਿਕਾਰੀ ਅਬੋਹਰ ਸਬ ਡਿਵੀਜ਼ਨ ਲਈ ਆਰਡਰ ਨਹੀਂ ਕੀਤੇ ਗਏ ।