ਹਨ੍ਹੇਰੀਆਂ ਰਾਤਾਂ ਰੁਸ਼ਨਾਉਣ ਲਈ ਚੀਨ ਨਕਲੀ ਚੰਦ ਬਣਾਉਣ ਦੀ ਤਿਆਰੀ 'ਚ
ਨਵੀਂ ਦਿੱਲੀ, 20 ਅਕਤੂਬਰ 2018 - ਦੁਨੀਆ 'ਚ ਤਕਨੀਕ ਪੱਖੋਂ ਵਿਕਸਿਤ ਦੇਸ਼ ਚੀਨ ਹੁਣ ਇਕ ਵਿਲੱਖਣ ਕਾਰਨਾਮਾ ਕਰਨ ਦੀ ਵਿਉਂਤ ਘੜ ਰਿਹੈ। ਹੋ ਸਕਦਾ ਹੈ ਕਿ ਇਸ ਕਾਰਨਾਮੇ ਨਾਲ ਬਹੁਤੇ ਲੋਕ ਇਸ ਗੱਲ ਨੂੰ ਮੰਨਣ ਲਈ ਤਿਆਰ ਨਾ ਹੋਣ, ਪਰ ਚੀਨ ਅਸਮਾਨ 'ਚ ਰਾਤ ਨੂੰ ਚਮਕਦੇ ਚੰਦ ਦਾ ਸਾਥੀ ਲਾਂਚ ਕਰਨ ਦੀ ਤਿਆਰੀ ਕਰਨ ਜਾ ਰਹੇ ਹਨ। ਚੀਨ ਦੇ ਵਿਗਿਆਨੀ 2020 'ਚ ਇਕ ਨਕਲੀ ਚੰਦ ਲਾਂਚ ਕਰਨ ਦਾ ਪਲਾਨ ਬਣਾ ਰਹੇ ਹਨ। ਜਿਸ ਨਾਲ ਰਾਤ ਵੇਲੇ ਹੋਣ ਵਾਲੇ ਹਨ੍ਹੇਰੇ ਨੂੰ ਦੂਰ ਕੀਤਾ ਜਾ ਸਕੇਗਾ।
ਵਿਗਿਆਨੀ ਚੀਨ ਦੇ ਚੇਂਗਦੂ ਸ਼ਹਿਰ 'ਚ ਮਨੁੱਖੀ ਹੱਥੀਂ ਬਣਾਏ ਚੰਦ ਨੂੰ ਲਟਕਾਉਣ ਬਾਰੇ ਵਿਚਾਰਾਂ ਬਣਾ ਰਹੇ ਹਨ। ਚੀਨੀ ਸਟੇਟ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇੱਕ ਨਕਲੀ ਕਲੈਸਟਿਅਲ ਬਾਡੀ - ਇਕ ਪ੍ਰਕਾਸ਼ਤ ਸੈਟੇਲਾਈਟ - ਜੋ ਸੂਰਜ ਦੀ ਰੌਸ਼ਨੀ ਨੂੰ ਧਰਤੀ ਉੱਤੇ ਵਾਪਸ ਭੇਜ ਰਾਤ ਨੂੰ ਸਟ੍ਰੀਟ ਲਾਈਟਾਂ ਵਜੋਂ ਕੰਮ ਕਰੇਗਾ। ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਕਿ ਅਸਲੀ ਚੰਦ ਨਾਲੋਂ ਇਹ ਅੱਠ ਗੁਣਾ ਵਧੇਰੇ ਚਮਕਦਾਰ ਹੋ ਸਕਦਾ ਹੈ। ਕਿਉਂਕਿ ਇਹ ਧਰਤੀ ਦੇ ਬਹੁਤ ਨੇੜੇ ਹੋਵੇਗਾ, ਜੋ ਚੰਦ ਦੇ 380,000 ਕਿਲੋਮੀਟਰ (236,000 ਮੀਲ) ਦੇ ਮੁਕਾਬਲੇ, ਲਗਭਗ 500 ਕਿਲੋਮੀਟਰ ਦੂਰ (310 ਮੀਲ) ਦੂਰ ਹੈ।ਜ਼ਿਕਰਯੋਗ ਹੈ ਕਿ ਜਨਵਰੀ ਮਹੀਨੇ 'ਚ ਅਮਰੀਕਨ ਫਰਮ ਰੌਕਟ ਲੈਬ ਨੇ ਅਸਮਾਨ 'ਚ ਇੱਕ ਨਕਲੀ ਤਾਰਾ ਲਾਂਚ ਕੀਤਾ ਸੀ। ਪਰ ਵਿਗਿਆਨੀਆਂ ਨੇ ਇਸਦੀ ਅਲੋਚਨਾ ਕੀਤੀ ਸੀ।