ਪਟਿਆਲਾ, 22 ਫਰਵਰੀ 2019 - ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਿਜੀਟਲ ਮਾਰਕੀਟਿੰਗ ਮਾਹਿਰ ਰੀਸ਼ਬ ਬਾਂਸਲ ਵੱਲੋਂ ਇੰਸਟਾਗ੍ਰਾਮ ਰਾਹੀਂ ਮਾਰਕੀਟਿੰਗ ਬਾਰੇ ਲਿਖੀ ਪੁਸਤਕ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਵੱਲੋਂ ਜਾਰੀ ਕੀਤੀ ਗਈ। ਡਾ. ਕੰਬੋਜ ਨੇ ਦੱਸਿਆ ਕਿ ਸ੍ਰੀ ਬਾਂਸਲ ਇਸ ਖੇਤਰ ਦਾ ਪੇਸ਼ੇਵਾਰ ਮਾਹਿਰ ਹੈ ਤੇ ਇਸ ਪੁਸਤਕ ਰਾਹੀਂ ਉਨ੍ਹਾਂ ਆਪਣੇ ਸਨਅਤੀ ਤਜਰਬੇ ਨੂੰ ਸਾਂਝਾ ਕੀਤਾ ਹੈ।
ਪੁਸਤਕ ਇੰਸਟਾਗ੍ਰਾਮ ਬਾਰੇ ਆਮ ਗਿਆਨ ਤੋਂ ਲੈ ਕੇ ਇਸ ਵਿਚ ਖਾਤਾ ਖੋਲ੍ਹਣ, ਪ੍ਰੋਫਾਈਲ ਬਣਾਉਣ, ਸੁਰੱਖਿਆ ਕਰਨ, ਆਪਣੇ ਉਤਪਾਦ ਦਾ ਪ੍ਰਚਾਰ ਕਰਨ ਆਦਿ ਤੋਂ ਲੈ ਕੇ ਅਦਾਇਗੀ ਕਰਨ ਤੱਕ ਦੇ ਮਹੱਤਵਪੂਰਨ ਨੁਕਤੇ ਬਿਆਨ ਕਰਦੀ ਹੈ। ਭਾਰਤ ਵਿਚ ਬੇਰੁਜ਼ਗਾਰਾਂ ਦੀ ਕਤਾਰ ਹੋਰ ਲੰਬੀ ਹੋ ਰਹੀ ਹੈ ਜਿਸ ਦੇ ਹੱਲ ਲਈ ਸਾਨੂੰ ਰਵਾਇਤੀ ਕਾਰੋਬਾਰ ਦੀਆਂ ਵਲਗਣਾਂ ਤੋਂ ਬਾਹਰ ਨਿਕਲ ਕੇ ਆਧੁਨਿਕ ਡਿਜੀਟਲ ਯੁੱਗ ਦੇ ਹਾਣ ਦਾ ਬਣਨਾ ਚਾਹੀਦਾ ਹੈ।
ਇਸ ਸਮੇਂ ਲੇਖਕ ਰੀਸ਼ਬ ਬਾਂਸਲ ਨੇ ਦੱਸਿਆ ਕਿ ਇਹ ਕਿਤਾਬ ਕੈਨੇਡਾ ਦੇ ਜਸਲੀਨ ਵਾਲੀਆ ਦੀ ਸੰਪਾਦਨਾ ਹੇਠ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਮੈਨੇਜਮੈਂਟ, ਪੱਤਰਕਾਰੀ, ਮੀਡੀਆ, ਕੰਪਿਊਟਰ ਆਦਿ ਖੇਤਰਾਂ ਦੇ ਵਿਦਿਆਰਥੀਆਂ ਲਾਹੇਵੰਦ ਹੋਵੇਗੀ। ਯੂਨੀਵਰਸਿਟੀ ਵਿਚ ਚਲ ਰਹੇ ਪੁਸਤਕ ਮੇਲੇ ਵਿਚ ਇਹ ਪੁਸਤਕ ਮਦਾਨ ਬੁਕਸ ਸਟਾਲ ਤੋਂ ਮਿਲ ਕਰਦੀ ਹੈ ਤੇ ਐਮਾਜੋਨ ਰਾਹੀਂ ਪਾਠਕ ਆਨ-ਲਾਈਨ ਵੀ ਖ਼ਰੀਦ ਸਕਦੇ ਹਨ