ਨਾਸਾ ਵੱਲੋਂ ਜਾਰੀ ਕੀਤੀ ਸੈਟੇਲਾਈਟ ਤਸਵੀਰ
ਨਵੀਂ ਦਿੱਲੀ, 4 ਮਾਰਚ 2019 - 'ਨਾਸਾ' ਵੱਲੋਂ ਧਰਤੀ ਨੂੰ ਬਚਾਉ ਮੁਹਿੰਮ ਬਾਬਤ ਇੱਕ ਚੰਗੀ ਖਬਰ ਸਾਂਝੀ ਕੀਤੀ ਗਈ ਹੈ। 'ਫੋਰਬਸ ਡਾਟ ਕਾਮ' ਅਨੁਸਾਰ ਨਾਸਾ ਨੇ ਧਰਤੀ ਨੂੰ ਅੱਜ ਤੋਂ 20 ਸਾਲ ਪਹਿਲਾਂ ਨਾਲੋ ਹਰਿਆਵਲ ਘੋਸ਼ਿਤ ਕੀਤਾ ਹੈ ਅਤੇ ਭਾਰਤ ਤੇ ਚੀਨ ਦੀਆਂ ਸੈਟੇਲਾਈਟ ਤਸਵਿਰਾਂ ਜਾਰੀ ਕੀਤੀਆਂ ਹਨ, ਜਿਸ 'ਚ ਭਾਰਤ ਤੇ ਚੀਨ ਬਾਕੀ ਮੁਲਕਾਂ ਨਾਲੋਂ ਕਿਤੇ ਜ਼ਿਆਦਾ ਹਰਿਆ ਭਰਿਆ ਹੈ। ਦੋਵੇਂ ਮੁਲਕ ਸਭ ਤੋਂ ਜ਼ਿਆਦਾ ਰੁੱਖ ਲਗਾਉਣ 'ਚ ਅੱਗੇ ਹਨ। ਰਿਪੋਰਟ ਮੁਤਾਬਕ ਭਾਰਤ 24 ਘੰਟਿਆਂ 'ਚ 8 ਲੱਖ ਲੋਕਾਂ ਦੀ ਮਦਦ ਨਾਲ 50 ਮਿਲੀਅਨ ਰੁੱਖ ਲਾਉਣ ਦਾ ਵਿਸ਼ਵ ਰਿਕਾਰਡ ਤੋੜ ਚੁੱਕਾ ਹੈ।
ਸੈਟੇਲਾਈਟ ਇਮੇਜਰੀ ਜਾਂਚ ਤੋਂ ਬਾਅਦ, ਰਿਸਰਚਰਜ਼ ਨੇ ਪਾਇਆ ਕਿ ਗ੍ਰੀਨਰੀ ਚੀਨ ਅਤੇ ਭਾਰਤ ਵਿਚ ਕਾਫੀ ਜ਼ਿਆਦਾ ਮਾਤਰਾ ਵਿਚ ਸੀ। ਉਪਰੋਕਤ ਨਕਸ਼ੇ 'ਚ ਦਿਖਾਇਆ ਗਿਆ ਹੈ ਕਿ ਹਰਿਆਵਲ ਵਾਲਾ ਹਿੱਸਾ ਦੇਸ਼ਾਂ 'ਚ ਵਧ ਰਹੀ ਖੇਤੀਬਾੜੀ ਅਤੇ ਰੁੱਖਾਂ ਨੂੰ ਦਰਸਾ ਰਹੀ ਹੈ ਜਦਕਿ ਦੂਜੇ ਪਾਸੇ ਹਰਿਆਵਲ ਦੀ ਘਾਟ ਨੂੰ ਦਰਸਾ ਰਿਹਾ ਹੈ। ਚੀਨ ਤੇ ਭਾਰਤ 'ਚ ਕਾਫੀ ਵਧੀਆ ਮਾਤਰਾ 'ਚ ਹਰਿਆਵਲ ਦੇਖੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਦੋਹੇਂ ਮੁਲਕ ਹੀ 1970-80 ਦੌਰਾਨ ਸ਼ਹਿਰੀ ਵਿਕਾਸ, ਖੇਤੀਬਾੜੀ ਕਾਰਨ ਦਰਖਤਾਂ ਦੀ ਕਟਾਈ ਵੱਲ੍ਹ ਤੁਰੇ ਹੋਏ ਸਨ। ਪਰ 1990 ਦੇ ਦੌਰ 'ਚ ਦੋਹਾਂ ਮੁਲਕਾਂ ਨੇ ਧਰਤੀ ਦੀ ਵਰਤੋਂ 'ਚ ਇਕਦਮ ਬਦਲਾਅ ਲਿਆਂਦੇ ਅਤੇ ਅੱਜ ਦੁਨੀਆ 'ਚੋਂ ਸਭ ਤੋਂ ਵੱਧ ਹਰਿਆਵਲ ਮੁਲਕ ਹੋਣ ਦਾ ਤਾਜ ਆਪਣੇ ਸਿਰ ਸਜਾਇਆ।