ਨਵੀਂ ਦਿੱਲੀ, 24 ਜੂਨ 2019 - ਅੰਬਾਂ ਦੀ ਸਰਦਾਰਨੀ' ਦੇ ਨਾਮ ਨਾਲ ਮਸ਼ਹੂਰ ਕਿਸਮ 'ਨੂਰਜਹਾਂ' ਦੇ ਫਲਾਂ ਦਾ ਔਸਤਨ ਵਜ਼ਨ ਇਸ ਵਾਰ ਮੌਸਮ ਦੀ ਮਿਹਰਬਾਨੀ ਨਾਲ 2.75 ਕਿਲੋ ਤੱਕ ਪਹੁੰਚ ਗਿਆ ਹੈ। ਇਹੀ ਵਜ੍ਹਾ ਹੈ ਕਿ ਅੰਬ ਦੀ ਇਸ ਵੱਖਰੀ ਕਿਸਮ ਦੇ ਮੁਰੀਦ ਇਸਦੇ ਸਿਰਫ ਇੱਕ ਫਲ ਲਈ 12,00 ਰੁਪਏ ਤੱਕ ਅਦਾ ਕਰਨ ਨੂੰ ਤਿਆਰ ਰਹਿੰਦੇ ਨੇ। ਅਫਗਾਨੀ ਮੂਲ ਦੀ ਮੰਨੀ ਜਾਣ ਵਾਲੀ ਇਸ ਅੰਬ ਦੀ ਪ੍ਰਜਾਤੀ ਨੂਰਜਹਾਂ ਦੇ ਗਿਣੇ ਚੁਣੇ ਦਰਖਤ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਕੱਠੀਵਾੜਾ ਖੇਤਰ 'ਚ ਵੀ ਪਾਏ ਜਾਂਦੇ ਨੇ।
ਇੰਦੌਰ ਤੋਂ ਕਰੀਬ 250 ਕਲੋਮੀਟਰ ਦੂਰ ਕੱਠੀਵਾੜਾ 'ਚ ਇਸ ਪ੍ਰਜਾਤੀ ਦੀ ਖੇਤੀ ਦੇ ਮਾਹਿਰ ਦਾ ਕਹਿਣਾ ਹੈ ਕਿ ਇਸ ਵੇਲੇ ਨੂਰਜਹਾਂ ਦੇ ਫਲਾਂ ਦਾ ਵਜ਼ਨ ਔਸਤਨ ਪੌਣੇ ਤਿੰਨ ਕਿਲੋ ਹੈ, ਜਦਕਿ ਪਿਛਲੇ ਤਿੰਨ ਸਾਲ ਕਰੀਬ ਢਾਈ ਕਿਲੋ ਰਿਹਾ ਸੀ। ਪਿਛਲੇ ਸਾਲ ਬਿਮਾਰੀ ਕਾਰਨ ਨੂਰਜਹਾਂ ਦੀ ਪੈਦਾਵਾਰ ਬਰਬਾਦ ਹੋ ਜਾਣ ਕਾਰਨ ਇਸ ਦੇ ਮੁਰੀਦਾਂ ਨੂੰ ਮਾਯੂਸ ਹੋਣਾ ਪਿਆ ਸੀ, ਪਰ ਐਤਕੀਂ ਉਹ ਖੁਸ਼ ਹਨ।
ਇਨ੍ਹੀਂ ਦਿਨੀਂ ਇਕ ਅੰਬ ਸੱਤ-ਅੱਠ ਸੌ ਦਾ ਵਿਕ ਰਿਹਾ ਹੈ ਤੇ ਜ਼ਿਆਦਾ ਵਜ਼ਨ ਵਾਲੇ ਦੇ 1200 ਰੁਪਏ ਵੀ ਮਿਲ ਰਹੇ ਹਨ। ਗਵਾਂਢੀ ਗੁਜਰਾਤ ਦੇ ਅਹਿਮਦਾਬਾਦ, ਵਾਪੀ, ਨਵਸਾਰੀ ਤੇ ਬੜੌਦਾ ਦੇ ਕੁਝ ਸ਼ੌਕੀਨਾਂ ਨੇ ਨੂਰਜਹਾਂ ਦੀ ਅਡਵਾਂਸ ਬੁਕਿੰਗ ਕਰਾ ਲਈ ਸੀ। ਕਾਠੀਵਾੜਾ ਵਿਚ ਕਈ ਲੋਕਾਂ ਨੂੰ ਨੂਰਜਹਾਂ ਨਾਲ ਲੱਦੇ ਦਰੱਖਤਾਂ ਨਾਲ ਸੈਲਫੀ ਲੈਂਦਿਆਂ ਵੀ ਵੇਖਿਆ ਜਾ ਸਕਦਾ ਹੈ।
ਇਕ ਫੁੱਟ ਤੱਕ ਵਧ ਸਕਦਾ ਹੈ ਅੰਬ
ਨੂਰਜਹਾਂ ਨੂੰ ਜਨਵਰੀ 'ਚ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਜੂਨ ਦੇ ਅਖੀਰ ਤੱਕ ਫਲ ਪੱਕ ਜਾਂਦਾ ਹੈ। ਨੂਰਜਹਾਂ ਦਾ ਫਲ ਇਕ ਫੁੱਟ ਤੱਕ ਵਧ ਸਕਦਾ ਹੈ। ਇਸ ਦੀ ਗੁਠਲੀ ਹੀ ਡੇਢ-ਦੋ ਸੌ ਗਰਾਮ ਦੀ ਹੁੰਦੀ ਹੈ।
ਹੈਰਾਨੀ ਵਾਲਾ ਤੱਥ ਹੈ ਕਿ ਕਿਸੇ ਜ਼ਮਾਨੇ ਵਿਚ ਨੂਰਜਹਾਂ ਦੇ ਫਲ ਦਾ ਔਸਤ ਵਜ਼ਨ ਸਾਢੇ ਤਿੰਨ ਤੋਂ ਪੌਣੇ ਚਾਰ ਕਿਲੋ ਦਾ ਹੁੰਦਾ ਸੀ। ਜਾਣਕਾਰਾਂ ਮੁਤਾਬਕ ਪਿਛਲੇ ਇਕ ਦਹਾਕੇ ਵਿਚ ਮਾਨਸੂਨ ਵਿਚ ਦੇਰੀ ਤੇ ਵਾਤਾਵਰਣ ਵਿਚ ਆਈਆਂ ਤਬਦੀਲੀਆਂ ਕਾਰਨ ਨੂਰਜਹਾਂ ਦੇ ਭਾਰ ਵਿਚ ਕਮੀ ਆਈ ਹੈ।