ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, ਜੁਲਾਈ - ਚੀਨ ਦੇ ਸ਼ਹਿਰ ਬੀਜਿੰਗ 'ਚ ਸੁਣਿਆ ਤੇ ਦੇਖਿਆ ਸੀ ਕਿ ਲੋਕ ਜਿਉਣ ਲਈ ਨਕਲੀ ਹਵਾ ਦਾ ਸੇਵਨ ਕਰਦੇ ਹਨ। ਇਹ ਨੌਬਤ ਭਾਰਤ 'ਚ ਵੀ ਆਏਗੀ, ਇਸ ਬਾਰੇ ਬਹੁਤ ਘੱਟ ਲੋਕਾਂ ਨੇ ਸੋਚਿਆ ਹੋਏਗਾ। ਭਾਰਤ 'ਚ ਵੀ ਹੁਣ ਤਾਜ਼ੀ ਹਵਾ ਵਿਕਣ ਲੱਗ ਗਈ ਹੈ। ਇਹ ਕੋਈ ਵਾਇਰਲ ਖਬਰ ਜਾਂ ਝੂਠੀ ਅਫਵਾਹ ਨਹੀਂ, ਸਗੋਂ ਤੁਸੀਂ ਖੁਦ ਆਨਲਾਈਨ ਮਾਰਕਿਟਿੰਗ ਕੰਪਨੀ ਐਮਾਜ਼ਾਨ 'ਤੇ ਜਾ ਕੇ ਤਾਜ਼ੀ ਹਵਾ ਦੀਆਂ ਬੋਤਲਾਂ ਖਰੀਦ ਸਕਦੇ ਹੋ।
ਹਿਮਾਲਿਆ ਦੀ ਤਾਜ਼ੀ ਹਵਾ ਲੈਣ ਲਈ ਐਮਾਜ਼ਾਨ 'ਤੇ ਜਾ ਕੇ ਆਰਡਰ ਕੀਤਾ ਜਾ ਸਕਦਾ ਹੈ। ੧ ਲੀਟਰ ਹਿਮਾਲਿਅਨ ਏਅਰ ਦੀ ਕੀਮਤ 550 ਰੱਖੀ ਗਈ ਹੈ, ਜਿਸ 'ਚ ਇਨਬਿਲਟ ਮਾਸਕ ਵੀ ਲੱਗਾ ਹੈ। ਇਸ ਇੱਕ ਬੋਤਲ ਨਾਲ 160 ਵਾਰ ਤਾਜ਼ੀ ਹਵਾ ਵਾਲਾ ਸਾਹ ਲਿਆ ਜਾ ਸਕਦਾ ਹੈ।
ਹੋਰ ਤੇ ਹੋਰ ਭਾਰਤ 'ਚ ਵਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਆਸਟ੍ਰੇਲੀਆ ਤੇ ਕੈਨੇਡਾ ਨੇ ਵੀ ਹਵਾ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਔਜ਼ੀਅਰ ਨਾਮੀ ਆਸਟ੍ਰੇਲੀਆਈ ਤਾਜ਼ੀ ਹਵਾ ਦੀ 7.5 ਲੀਟਰ ਦੀ ਬੋਤਲ ਦੀ ਕੀਮਤ 1499 ਰੁਪਏ ਰੱਖੀ ਗਈ ਹੈ ਜਦਕਿ 15 ਲੀਟਰ ਬੋਤਲ ਦੀ ਕੀਮਤ 1999 ਹੈ। ਉਥੇ ਹੀ ਕੈਨੇਡਾ ਦੀ ਕੰਪਨੀ ਵਾਈਟਿਲਿਟੀ ਏਅਰ ਵੀ ਆਪਣੀ ਹਵਾ ਭਾਰਤ 'ਚ ਆਨਲਾਈਨ ਵੇਚ ਰਹੀ ਹੈ।
ਭਾਰਤ ਵਰਗੇ ਮੁਲਕ 'ਚ ਜਿਥੇ ਦਿਨੋ ਦਿਨ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਤੇ ਹਰ ਰੋਜ਼ ਲੱਖਾਂ ਲੋਕ ਪ੍ਰਦੂਸ਼ਣ ਕਾਰਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ, ਉਥੇ ਹਵਾ ਦਾ ਬਿਕਣਾ ਬਿਲਕੁਲ ਜਾਇਜ਼ ਹੈ। ਪਰ ਹੈਰਾਨੀ ਇਸ ਗੱਲ 'ਤੇ ਹੈ ਕਿ ਭਾਰਤ ਵਰਗਾ ਮੁਲਕ ਜਿਥੇ ਸਭ ਤੋਂ ਵੱ ਕੁਦਰਤੀ ਸਰੋਤ ਮੌਜੂਦ ਸਨ, ਅੱਜ ਉਨ੍ਹਾਂ ਨੂੰ ਖਤਮ ਕਰ ਕੇ ਇਨਸਾਨ ਪੈਸਾ ਖਰਚ ਬਨਾਵਟੀ ਸ੍ਰੋਤ ਖਰੀਦਣ ਲਈ ਖੁਦ ਹੀ ਮਜਬੂਰ ਹੋ ਗਿਆ ਹੈ।