ਚਿੰਨ੍ਹਾਤਮਕ ਫੋਟੋ -AJIO
ਚੁੰਨੀ ਤੋਂ ਬਿਨਾਂ ਦਫ਼ਤਰ ਆਉਣਾ ਮਨ੍ਹਾ , ਮਰਦਾਂ ਦੇ ਟੀ ਸ਼ਰਟ ਤੇ ਲਾਈ ਪਾਬੰਦੀ - ਉਲੰਘਣਾ ਕਰਨ ਤੇ ਹੋਵੇਗੀ ਕਾਰਵਾਈ
ਚੰਡੀਗੜ੍ਹ , 27 ਜੁਲਾਈ , 2019 : ਜਿਹੜੀ ਲੇਡੀ ਕਰਮਚਾਰੀ ਚੁੰਨੀ ਤੋਂ ਬਿਨਾਂ ਦਫ਼ਤਰ ਆਵੇਗੀ ਤੇ ਜਿਹੜਾ ਮਰਦ ਕਰਮਚਾਰੀ ਟੀ ਸ਼ਰਟ ਪਾਕੇ ਦਫ਼ਤਰ ਆਵੇਗਾ ਉਸਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵੀ . ਇਹ ਫ਼ਰਮਾਨ ਫ਼ਾਜ਼ਿਲਕਾ ਦੇ ਡੀ ਸੀ ਮਨਪ੍ਰੀਤ ਸਿੰਘ ਛਤਵਾਲ ਦੇ ਹਨ . 26 ਜੁਲਾਈ , 2019 ਨੂੰ ਜਾਰੀ ਕੀਤੇ ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਦਫ਼ਤਰੀ ਸਮੇਂ ਦੌਰਾਨ ਇਸਤਰੀ ਦਮੇ ਬਿਨਾਂ ਦੁਪੱਟੇ ਦੇ ਦਫ਼ਤਰ ਨਾ ਆਵੇ ਅਤੇ ਕੋਈ ਵੀ ਕਰਮਚਾਰੀ ਟੀ ਸ਼ਰਟ ਪਾ ਕੇ ਨਾ ਆਵੇ . ਹੁਕਮ-ਅਦੂਲੀ ਤੇ ਕਾਰਵਾਈ ਹੋਵੇਗੀ .
ਚਿੱਠੀ ਵਿਚ ਇਹ ਸਪਸ਼ਟ ਨਹੀਂ ਕਿ ਇਹ ਹੁਕਮ ਸਿਰਫ਼ ਡੀ ਦਫ਼ਤਰ ਦੇ ਕਰਮਚਾਰੀਆਂ / ਅਧਿਕਾਰੀਆਂ ਤੇ ਲਾਗੂ ਹੋਵੇਗਾ ਜਾਂ ਹੋਰਨਾਂ ਦਫ਼ਤਰਾਂ ਵਿਚ ਵੀ . ਉਂਜ ਇਸ ਹੁਕਮ ਦੀਆਂ ਕਾਪੀਆਂ ਸਾਰੇ ਏ ਡੀ ਸੀਜ਼ ,ਐਸ ਡੀ ਐਮ ਤੇ ਸੁਪਰਡੰਟ ਪੱਧਰ ਦੇ ਅਫ਼ਸਰਾਂ ਨੂੰ ਭੇਜੀਆਂ ਗਈਆਂ ਹਨ . ਇਹ ਹੁਕਮ ਕਿਓਂ ਕੀਤਾ ਹੈ ?
. ਮੁਲਾਜ਼ਮਾਂ ਦਰਮਿਆਨ ਪਹਿਰਾਵੇ ਦਾ ਬਹੁਤ ਜ਼ਿਆਦਾ ਅੰਤਰ ਹੋਣ ਕਾਰਨ ਲਿਆ ਫ਼ੈਸਲਾ ; ਡਿਪਟੀ ਕਮਿਸ਼ਨਰ
ਜਗਦੀਸ਼ ਥਿੰਦ
ਫਾਜ਼ਿਲਕਾ
ਕਰਮਚਾਰੀਆਂ ਲਈ ਸਾਦਾ ਡਰੈੱਸ ਕੋਡ ਜਾਰੀ ਕਰਨ ਸਬੰਧੀ ਫ਼ੈਸਲੇ ਬਾਰੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਕਿਹਾ ਹੈ ਕਿ ਇਹ ਫ਼ੈਸਲਾ ਆਰਥਿਕ ਤੌਰ 'ਤੇ ਖੁਸ਼ਹਾਲ ਅਤੇ ਕਮਜ਼ੋਰ ਵਰਗਾਂ ਦੇ ਸਮਾਜਿਕ ਪਾੜੇ ਨੂੰ ਦੂਰ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਵਿਚ ਮੁਲਾਜ਼ਮਾਂ ਦੇ ਆਪਸੀ ਪਹਿਰਾਵੇ ਵਿਚ ਬਹੁਤ ਜ਼ਿਆਦਾ ਅੰਤਰ ਹੋਣ ਕਾਰਨ ਕਮਜ਼ੋਰ ਵਰਗ ਨਾਲ ਸਬੰਧਤ ਮੁਲਾਜ਼ਮ ਖ਼ੁਦ ਨੂੰ ਮਾਨਸਿਕ ਤੌਰ 'ਤੇ ਹੀਣਾ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨਾਲ ਸਬੰਧਤ ਜਥੇਬੰਦੀ ਦੇ ਮਸ਼ਵਰੇ ਅਨੁਸਾਰ ਹੀ ਇਹ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਨਿੱਜੀ ਰਾਏ ਹੈ ਕਿ ਪ੍ਰਸ਼ਾਸਨਿਕ ਅਮਲੇ ਤੋਂ ਸਮਾਜ ਨੇ ਸੇਧ ਲੈਣੀ ਹੁੰਦੀ ਹੈ, ਇਸ ਲਈ ਪਹਿਰਾਵੇ ਵਿੱਚੋਂ ਸਾਡੀ ਮਾਣਮੱਤੀ ਸੱਭਿਆਚਾਰਕ ਮਹਿਕ ਆਉਣੀ ਲਾਜ਼ਮੀ ਹੈ। ਇਸੇ ਪੱਖ ਦੇ ਸਨਮੁਖ ਇਹ ਫ਼ੈਸਲਾ ਲਿਆ ਗਿਆ ਹੈ।
*ਡਰੈੱਸ ਕੋਡ ਸਬੰਧੀ ਜਾਰੀ ਹੁਕਮ ਦੀ ਚੁਫੇਰਿਉਂ ਪ੍ਰਸ਼ੰਸਾ*
ਇਸ ਸਬੰਧੀ ਵੱਖ-ਵੱਖ ਵਰਗਾਂ ਨਾਲ ਸਬੰਧਤ ਆਗੂਆਂ ਨੇ ਇਸ ਹੁਕਮ ਦੀ ਸ਼ਲਾਘਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਇਹ ਨਿਯਮ ਪੰਜਾਬ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਵੀ ਲਾਗੂ ਹੋਣਾ ਚਾਹੀਦਾ ਹੈ। ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਸ. ਛਿੰਦਰਪਾਲ ਸਿੰਘ , ਸਕੱਤਰ ਸ਼੍ਰੀ ਕੇਵਲ ਕੰਬੋਜ ਦਾ ਇਸ ਸਬੰਧੀ ਕਹਿਣਾ ਹੈ ਕਿ ਪ੍ਰਾਈਵੇਟ ਸੈਕਟਰ ਦੇ ਬੈਂਕ ਹੋਣ ਜਾਂ ਫਿਰ ਹੋਰ ਅਦਾਰੇ, ਉਥੇ ਸਾਮਾਨ ਯੂਨੀਫਾਰਮ ਪਾਉਣ ਦਾ ਨਿਯਮ ਹੁੰਦਾ ਹੈ। ਨਿੱਜੀ ਖੇਤਰ ਦੇ ਬੈਂਕਾਂ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਬੈਂਕ ਮੁਲਾਜ਼ਮਾਂ ਨੂੰ ਪੂਰਾ ਹਫਤਾ ਫਾਰਮਲ ਡ੍ਰੈਸ ਪਾਉਣੀ ਲਾਜ਼ਮੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਦਾ ਪਹਿਰਾਵਾ ਪਹਿਨਣ ਦਾ ਹੁਕਮ ਪੰਜਾਬ ਦੇ ਸਿੱਖਿਆ , ਸਿਹਤ ਅਤੇ ਹੋਰਨਾਂ ਵਿਭਾਗਾਂ ਅੰਦਰ ਵੀ ਲਾਜ਼ਮੀ ਤੌਰ 'ਤੇ ਲਾਗੂ ਹੋਣਾ ਚਾਹੀਦਾ ਹੈ । ਇਸ ਸੰਬੰਧੀ ਊਧਮ ਬਲੱਡ ਡੋਨੇਸ਼ਨ ਐਂਡ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰ ਡਾ. ਸੰਜੀਵ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਬਹੁਤੇ ਅਧਿਆਪਕ ਅਤੇ ਅਧਿਆਪਕਾਵਾਂ ਇਸ ਤਰ੍ਹਾਂ ਸੱਜ-ਧੱਜ ਕੇ ਅਤੇ ਗਹਿਣੇ ਪਾ ਕੇ ਜਾਂਦੇ ਹਨ, ਜਿਵੇਂ ਉਹ ਪੜ੍ਹਾਉਣ ਲਈ ਨਹੀਂ, ਬਲਕਿ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹੋਣ। ਸਕੂਲਾਂ ਅੰਦਰ ਉਹ ਨੌਜਵਾਨ ਅਧਿਆਪਕ ਵੀ ਪੜ੍ਹਾਉਣ ਲਈ ਪਹੁੰਚਦੇ ਹਨ, ਜੋ ਮਾਤਰ ਘੱਟ ਤਨਖਾਹ 'ਤੇ ਨੌਕਰੀ ਕਰ ਰਹੇ ਹਨ। ਅਜਿਹੇ ਹਾਲਾਤ ਵਿੱਚ ਅਧਿਆਪਕਾਂ ਦਰਮਿਆਨ ਵੱਡਾ ਅੰਤਰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਤੋਂ ਕੀਤੀ ਗਈ ਸ਼ੁਰੂਆਤ ਪੂਰੇ ਪੰਜਾਬ ਵਿੱਚ ਲਾਗੂ ਕਰਨ ਦੀ ਜ਼ਰੂਰਤ ਹੈ ।