ਬੀ.ਸੀ. ਦੀਆਂ ਤਿੰਨ ਹੋਰ ਫੈਰੀਆਂ 'ਤੇ ਹੁਣ ਲਓ ਬੀਅਰ ਅਤੇ ਵਾਈਨ ਦਾ ਵੀ ਸਰੂਰ
ਹਰਦਮ ਮਾਨ
ਸਰੀ, 26 ਅਕਤੂਬਰ, 2019 -ਟਵਾਸਨ (ਵੈਨਕੂਵਰ) ਅਤੇ ਸਵਾਰਟਜ਼ ਬੇ (ਵਿਕਟੋਰੀਆ) ਵਿਚਕਾਰ ਚੱਲਣ ਵਾਲੀਆਂ ਤਿੰਨ ਬੀ ਸੀ. ਫੈਰੀਜ਼ ਵਿਚ ਵੀ ਹੁਣ 24 ਅਕਤੂਬਰ ਤੋਂ ਬੀਅਰ ਅਤੇ ਵਾਈਨ ਵੀ ਮਿਲਣ ਲੱਗੀ ਹੈ । ਇਹ ਸਾਲ ਭਰ ਦਾ ਇਕ ਪਾਇਲਟ ਪ੍ਰਾਜੈਕਟ ਹੋਵੇਗਾ ਜਿਸ ਦੀ ਨਿਗਰਾਨੀ ਅਤੇ ਮੁਲਾਂਕਣ ਬੀ ਸੀ ਫੈਰੀ ਸਟਾਫ਼ ਦੁਆਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀ ਸੀ ਫੈਰੀਜ਼ ਨੇ ਵਾਅਦਾ ਕੀਤਾ ਸੀ ਕਿ ਬੀਅਰ ਅਤੇ ਵਾਈਨ ਪਾਇਲਟ ਪ੍ਰਾਜੈਕਟ ਜੂਨ ਮਹੀਨੇ ਵਿਚ ਆਰੰਭ ਹੋ ਜਾਵੇਗਾ ਪਰ ਬੀ.ਸੀ. ਦੀ ਸ਼ਰਾਬ ਅਤੇ ਕੈਨਾਬਿਸ ਰੈਗੂਲੇਸ਼ਨ ਬਰਾਂਚ ਵੱਲੋਂ ਇਸ ਸਬੰਧੀ ਆਗਿਆ ਪ੍ਰਕਿਰਿਆ ਵਿਚ ਦੇਰੀ ਹੋ ਜਾਣ ਕਾਰਨ ਇਹ ਪ੍ਰੋਜੈਕਟ ਹੁਣ ਅਕਤੂਬਰ ਤੋਂ ਸ਼ੁਰੂ ਹੋਇਆ ਹੈ .
ਹੁਣ 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ ਪੰਜ ਔਂਸ ਵਾਈਨ ਦਾ ਇਕ ਗਲਾਸ, ਜਾਂ 12 ਔਂਸ ਬੀਅਰ ਖ਼ਰੀਦਣ ਦੀ ਇਜਾਜ਼ਤ ਹੋਵੇਗੀ - ਪਰ ਇਹ ਸਿਰਫ਼ ਪੈਸੀਫਿਕ ਬਫੇ ਤੋਂ ਭੋਜਨ ਦੇ ਨਾਲ ਹੀ ਹੋਵੇਗੀ। ਬੀਅਰ ਅਤੇ ਵਾਈਨ ਦੀ ਵਿੱਕਰੀ ਰੋਜ਼ਾਨਾ ਸਵੇਰੇ 11 ਵਜੇ ਸ਼ੁਰੂ ਹੋਇਆ ਕਰੇਗੀ। ਵਰਨਣਯੋਗ ਹੈ ਕਿ ਸੈਂਟਰਲ ਕੋਸਟ ਦੀਆਂ ਬੰਦਰਗਾਹਾਂ ਤੇ ਆਉਣ-ਜਾਣ ਵਾਲੀਆਂ ਉੱਤਰੀ ਰੂਟ ਦੀਆਂ ਫੈਰੀਜ਼ (ਪੋਰਟ ਹਾਰਡੀ, ਪ੍ਰਿੰਸ ਰੁਪਰਟ, ਹੈਡਾ ਗਵਾਈ) ‘ਤੇ ਸ਼ਰਾਬ ਦੀ ਵਿੱਕਰੀ ਪਹਿਲਾਂ ਹੀ ਉਪਲਬਧ ਹੈ।