ਅੰਮ੍ਰਿਤਸਰ, 10 ਨਵੰਬਰ, 2016 : ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਐਸ ਵਾਈ ਐਲ ਨਹਿਰ ਬਾਰੇ ਸੁਪਰੀਮ ਕੋਰਟ ਵੱਲੋਂ ਅੱਜ ਪੰਜਾਬ ਦੇ ਹਿਤਾਂ ਵਿਰੁੱਧ ਦਿੱਤੇ ਗਏ ਫੈਸਲੇ 'ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਆਪਣੇ ਪ੍ਰਤੀ ਕਰਮ ਵਿੱਚ ਕਿਹਾ ਕਿ ਉਕਤ ਮੁਦੇ ਪ੍ਰਤੀ ਸੁਪਰੀਮ ਕੋਰਟ ਨੂੰ ਮੁੜ ਸਮੀਖਿਆ ਕਰਨੀ ਚਾਹੀਦੀ ਹੈ।
ਅੱਜ ਉਹਨਾਂ ਕਿਹਾ ਕਿ ਦਮਦਮੀ ਟਕਸਾਲ ਅਤੇ ਸੰਤ ਸਮਾਜ ਪੰਜਾਬ ਦੇ ਹਿਤਾਂ 'ਤੇ ਸੱਟ ਮਾਰਨ ਵਾਲੀ ਉਕਤ ਫੈਸਲੇ ਨੂੰ ਲੈ ਕੇ ਪੰਜਾਬ ਦੇ ਭਵਿੱਖ ਲਈ ਸਮੁੱਚੀ ਪੰਥ ਵੱਲੋਂ ਲਏ ਜਾਣ ਵਾਲੇ ਫੈਸਲੇ ਦਾ ਸਨਮਾਨ ਕਰੇਗਾ ਅਤੇ ਪੰਜਾਬ ਅਤੇ ਪੰਥ ਲਈ ਹਰ ਮੋਰਚਾ ਤੇ ਮੁਹਿੰਮ ਵਿੱਚ ਪਹਿਲਾਂ ਦੀ ਤਰਾਂ ਆਪਣਾ ਬਣਦਾ ਯੋਗਦਾਨ ਪਾਵੇਗਾ। ਉਹਨਾਂ ਕਿਹਾ ਕਿ ਪਾਣੀਆਂ ਸੰਬੰਧੀ ਅੰਤਰਰਾਸ਼ਟਰੀ ਰਾਏਪੇਰੀਅਨ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੇ ਗਏ ਉਕਤ ਪੰਜਾਬ ਵਿਰੋਧੀ ਫੈਸਲੇ ਨਾਲ ਇੱਕ ਵਾਰ ਫਿਰ ਪੰਜਾਬ, ਪੰਜਾਬੀਆਂ ਦੇ ਹਿਤਾਂ ਦੀ ਅਣਦੇਖੀ ਕੀਤੀ ਗਈ ਹੈ। ਜਿਸ ਨਾਲ ਨਾਲ ਪੰਜਾਬ ਵਾਸੀਆਂ ਦੇ ਮਨਾਂ 'ਚ ਬੇਗਾਨਗੀ ਦੀ ਭਾਵਨਾ ਪ੍ਰਬਲ ਹੋਵੇਗੀ ਅਤੇ ਪੰਜਾਬ ਇੱਕ ਵਾਰ ਫਿਰ ਨਾਜ਼ੁਕ ਮੋੜ 'ਤੇ ਆ ਜਾਵੇਗਾ। ਉਹਨਾਂ ਕਿਹਾ ਕਿ ਪਾਣੀ ਪੰਜਾਬੀਆਂ ਲਈ ਜਿੰਦ ਜਾਨ ਹੈ, ਪਾਣੀਆਂ ਦਾ ਮੁੱਦਾ ਇੱਕ ਸੰਵੇਦਨਸ਼ੀਲ ਮੁੱਦਾ ਹੈ। ਜਿਸ 'ਤੇ ਰਾਜਨੀਤੀ ਨਹੀਂ ਸੀ ਹੋਣੀ ਚਾਹੀਦੀ। ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਮ ਪੀ ਅਤੇ ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫ਼ਿਆਂ ਨੂੰ ਸਿਆਸੀ ਸਟੰਟ ਤੇ ਢਕਵੰਜ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਆਗੂ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣਨ ਦੀ ਤਕ 'ਚ ਨਾ ਬੈਠਣ ਸਗੋਂ ਕਾਂਗਰਸ ਹਾਈ ਕਮਾਨ ਅਤੇ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਪੰਜਾਬ ਨਾਲ ਕੀਤੀਆਂ ਗਈਆਂ ਬੇਇਸਾਫੀਆਂ ਤੇ ਵਿਤਕਰਿਆਂ ਖ਼ਿਲਾਫ਼ ਸਖ਼ਤ ਸਟੈਂਡ ਲੈਂਦਿਆਂ ਕਾਂਗਰਸ ਪਾਰਟੀ ਤੋਂ ਪੂਰੀ ਤਰਾਂ ਕਿਨਾਰਾ ਕਰ ਲੈਣ। ਉਹਨਾਂ ਕਿਹਾ ਕਿ ਵਕਤ ਆਗਿਆ ਹੈ ਅਤੇ ਪੰਜਾਬ ਦੇ ਕਾਂਗਰਸੀ ਆਗੂਆਂ ਲਈ ਇਹ ਇੱਕ ਮੌਕਾ ਹੈ ਕਿ ਉਹ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਲਈ ਕਾਂਗਰਸ ਦਾ ਸਾਥ ਛੱਡ ਦਿਆਂ ਪੰਜਾਬ ਦੇ ਸੱਚੇ ਸਪੂਤ ਹੋਣ ਦਾ ਸਬੂਤ ਦੇਣ ਅਤੇ ਪੰਜਾਬ ਦੇ ਹਿਤਾਂ ਲਈ ਅੱਗੇ ਹੋ ਕੇ ਰਾਖੀ ਕਰਨ ਨੂੰ ਪਹਿਲ ਦੇਣ, ਨਹੀਂ ਤਾਂ ਇਤਿਹਾਸ ਕਦੀ ਵੀ ਇਹਨਾਂ ਕਾਂਗਰਸੀਆਂ ਨੂੰ ਮੁਆਫ਼ ਨਹੀਂ ਕਰੇਗਾ।