ਚੰਡੀਗੜ੍ਹ, 10 ਨਵੰਬਰ, 2016 : ਸਤਲੁਜ-ਯਮਨਾ ਲਿੰਕ ਨਹਿਰ (ਐਸਵਾਈਐਲ) ਸਮੇਤ ਪੰਜਾਬ ਦੇ ਦਰਿਆਈ ਪਾਣੀਆਂ ਸੰਬੰਧੀ ਸਾਰੇ ਸਮਝੌਤੇ ਰੱਦ ਕਰਨ ਨਾਲ ਸੰਬੰਧਤ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ-2004 ਬਾਰੇ ਸੁਪਰੀਮ ਕੋਰਟ ਵਲੋਂ ਪੰਜਾਬ ਦੇ ਖਿਲਾਫ ਦਿੱਤੇ ਗਏ ਫੈਸਲੇ ਵਿਰੁੱਧ ਆਮ ਆਦਮੀ ਪਾਰਟੀ ਸ਼ੁੱਕਰਵਾਰ 11 ਨਵੰਬਰ ਨੂੰ ਪਟਿਆਲਾ ਦੇ ਕਪੂਰੀ ਪਿੰਡ ਵਿਚ ਐਸਵਾਈਐਲ ਉਤੇ ਅਣਮਿੱਥੇ ਸਮੇਂ ਲਈ ਮੋਰਚਾ ਲਗਾਏਗੀ।
ਅੱਜ ਇੱਥੇ ਪ੍ਰੈਸ ਕਾਨਫਰੈਂਸ ਵਿਚ ਆਪ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ), ਸੀਨੀਅਰ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ, ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਕੋ-ਇੰਚਾਰਜ ਜਰਨੈਲ ਸਿੰਘ (ਐਮਐਲਏ), ਹਿੰਮਤ ਸਿੰਘ ਸ਼ੇਰਗਿੱਲ, ਕੰਵਰ ਸੰਧੂ, ਸੁਖਪਾਲ ਸਿੰਘ ਖਹਿਰਾ, ਕਰਨਲ ਸੀਡੀ ਸਿੰਘ ਕੰਬੋਜ, ਡਾ. ਬਲਵੀਰ ਸਿੰਘ ਸੈਣੀ ਅਤੇ ਜਨਰਲ ਸਕੱਤਰ ਗੁਲਸ਼ਨ ਛਾਬੜਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਸੱਤਾ ਲਈ ਹਮੇਸ਼ਾ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ। ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਸ਼ੁਰੂਆਤ ਕਾਂਗਰਸ ਨੇ ਕੀਤੀ ਸੀ। ਅਕਾਲੀ ਦਲ ਅਤੇ ਭਾਜਪਾ ਨੇ ਸੱਤਾ ਦੀ ਖਾਤਿਰ ਹਮੇਸ਼ਾ ਪੰਜਾਬ ਦੇ ਹਿੱਤ ਦਾਅ ‘ਤੇ ਲਗਾਏ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਇਕ ਦੂਜੇ ਤੋਂ ਵੱਧ ਕੇ ਡਰਾਮੇਬਾਜੀ ਕਰ ਰਹੇ ਹਨ।
ਫੂਲਕਾ ਨੇ ਦੱਸਿਆ ਕਿ 1976 ਵਿਚ ਐਮਰਜੈਂਸੀ ਦੇ ਸਮੇਂ ਕਾਂਗਰਸ ਦੀ ਤਾਨਾਸ਼ਾਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦਾ ਆਡਰ ਪਾਸ ਕੀਤਾ ਸੀ। 24 ਮਾਰਚ 1976 ਨੂੰ ਕਾਂਗਰਸ ਦੀ ਕੇਂਦਰ ਸਰਕਾਰ ਨੇ ਬੇਇਨਸਾਫੀ ਕਰਦਿਆਂ ਜੋ ਨੋਟਿਸ ਪਾਸ ਕੀਤਾ ਸੀ, ਇੰਦਰਾ ਸਰਕਾਰ ਚਲੇ ਜਾਣ ਤੋਂ ਬਾਅਦ ਪੰਜਾਬ ਨੇ ਉਸ ਆਰਡਰ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ ਪਰ ਜਦੋਂ ਇੰਦਰਾ ਗਾਂਧੀ ਫਿਰ ਤੋਂ ਸੱਤਾ ਵਿਚ ਆਈ ਤਾਂ ਉਸਨੇ ਪੰਜਾਬ ਦੇ ਤਤਕਾਲੀ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਗਲ ਵਿਚ ਅੰਗੂਠਾ ਦੇ ਕੇ ਸੁਪਰੀਮ ਕੋਰਟ ਤੋਂ ਕੇਸ ਵਾਪਿਸ ਕਰਵਾਇਆ। 1982 ਵਿਚ ਪੰਜਾਬ ਉਤੇ ਐਸਵਾਈਐਲ ਥੋਪ ਦਿੱਤੀ ਗਈ। ਉਸ ਸਮੇਂ ਪਟਿਆਲਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਨੇ ਇੰਦਰਾ ਗਾਂਧੀ ਨੂੰ ਸੱਦਾ ਦੇ ਕੇ ਚਾਂਦੀ ਦੀ ਕਹੀ ਨਾਲ ਕਪੂਰੀ ਪਿੰਡ ਵਿਚ ਐਸਵਾਈਐਲ ਦੀ ਨੀਂਹ ਰਖਵਾਈ। ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਫੋਟੋ ਵਾਲੇ ਅਖਬਾਰੀ ਇਸ਼ਤਿਹਾਰ ਵੀ ਸਬੂਤ ਵਜੋਂ ਦਿਖਾਏ। ਫੂਲਕਾ ਨੇ ਕਿਹਾ ਕਿ ਅੱਜ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਪੰਜਾਬ ਵਿਰੋਧੀ ਓਪੀਨੀਅਨ (ਰਾਏ) ਲਈ ਕਾਂਗਰਸ ਸਰਕਾਰਾਂ ਦੇ ਫੈਸਲਿਆਂ ਨੂੰ ਹੀ ਅਧਾਰ ਬਣਾਇਆ ਗਿਆ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਮੈਂਬਰ ਪਾਰਲੀਮੈਂਟ ਵਜੋਂ ਅਸਤੀਫਾ ਦੇਣ ਦੇ ਡਰਾਮੇ ਦੀ ਥਾਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਵੇ। ਫੂਲਕਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸੱਚਮੁਚ ਪੰਜਾਬ ਦੇ ਮੁਦਈ ਹੁੰਦੇ ਅਤੇ ਐਸਵਾਈਐਲ ਦੀ ਖੁਦ ਨੀਂਹ ਰਖਵਾਉਣ ਦੀ ਗਲਤੀ ਦਾ ਪਸਛਾਤਾਪ ਕਰਦੇ ਤਾਂ ਜਿਸ ਸਮੇਂ ਪੰਜਾਬ ਵਿਧਾਨ ਸਭਾ ਵਲੋਂ ਪਾਸ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ-2004 ਨੂੰ ਉਸ ਸਮੇਂ ਦੀ ਕਾਂਗਰਸ ਦੀ ਡਾ. ਮਨਮੋਹਨ ਸਿੰਘ ਸਰਕਾਰ ਨੇ ਰਾਸ਼ਟਰਪਤੀ ਰਾਹੀਂ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਪੰਜਾਬ ਦੇ ਲਈ ਮੁੱਖ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰ ਦਿੱਤੀ ਹੁੰਦੀ ਲੇਕਿਨ ਕੁਰਸੀ ਲਈ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਰਬਾਰਾ ਸਿੰਘ ਵਾਂਗੂ ਪੰਜਾਬ ਦੇ ਹਿੱਤਾਂ ਨਾਲ ਸੌਦਾ ਕਰ ਲਿਆ। ਇਹੀ ਸੌਦੇਬਾਜੀ ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ ਹਨ। ਜੇਕਰ ਬਾਦਲ ਆਪਣੀ ਮੋਦੀ ਸਰਕਾਰ ਉਤੇ ਦਬਾਅ ਪਾ ਕੇ ਸੁਪਰੀਮ ਕੋਰਟ ਵਿਚੋਂ ਇਹ ਕੇਸ ਵਾਪਿਸ ਕਰਵਾ ਲੈਂਦੇ ਤਾਂ ਇਹ ਮੁੱਦਾ ਹੀ ਖਤਮ ਹੋ ਗਿਆ ਹੁੰਦਾ, ਪਰੰਤੂ ਬਾਦਲ ਆਪਣੀ ਨੂੰਹ ਹਰਸਿਮਰਤ ਕੌਰ ਨੂੰ ਮੋਦੀ ਕੈਬਿਨੇਟ ਵਿਚ ਮੰਤਰੀ ਬਣਵਾ ਕੇ ਪੰਜਾਬ ਦੇ ਹਿੱਤਾਂ ਨਾਲ ਉਸੇ ਤਰਾਂ ਸੌਦੇਬਾਜੀ ਕਰ ਗਏ। ਜਿਵੇਂ ਮੁੱਖ ਮੰਤਰੀ ਹੁੰਦੇ ਹੋਏ ਤਤਕਾਲੀ ਹਰਿਆਣਾ ਮੁੱਖ ਮੰਤਰੀ ਦੇਵੀ ਲਾਲ ਤੋਂ ਐਸਵਾਈਐਲ ਲਈ ਜਮੀਨ ਐਕਵਾਇਰ ਕਰਨ ਲਈ ਚੈਕ ਲੈ ਕੇ ਪੰਜਾਬ ਦੇ ਹਿੱਤ ਵੇਚੇ ਸਨ।
ਫੂਲਕਾ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ‘ਚ ਨਿਖਿਧ ਸਾਬਿਤ ਹੋਏ ਹਨ ਇਸ ਲਈ ਇਨਾਂ ਨੂੰ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਕੋਈ ਅਧਿਕਾਰ ਨਹੀਂ ਰਹਿ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਅਤੇ ਬਾਦਲਾਂ ਨੂੰ ਸੱਤਾ ਤੁਰੰਤ ਛੱਡ ਦੇਣੀ ਚਾਹੀਦੀ ਹੈ। ਕੇਂਦਰ ਵਿਚੋਂ ਹਰਸਿਮਰਤ ਨੂੰ ਵਾਪਿਸ ਬੁਲਾ ਕੇ ਭਾਜਪਾ ਨਾਲ ਨਾਤਾ ਤੋੜ ਲੈਣਾ ਚਾਹੀਦੀ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ ਉਪਰੰਤ ਕਿਸੇ ਵੀ ਪੰਜਾਬ ਵਿਰੋਧੀ ਫੈਸਲੇ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੰਜਾਬ ਦੇ ਹੱਕਾਂ ਲਈ ਡੱਟ ਕੇ ਖੜੇਗੀ ਅਤੇ ਹਰ ਕੁਰਬਾਨੀ ਲਈ ਹਮੇਸ਼ਾ ਤਿਆਰ ਰਹੇਗੀ। ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਮਿ੍ਰਤਸਰ ਦੀ ਜਨਤਾ ਦਾ ਭਗੌੜਾ ਕਰਾਰ ਦਿੰਦੇ ਹੋਏ ਕਿਹਾ ਕਿ ਕੈਪਟਨ ਦੱਸਣ ਕਿ ਉਹ ਪਾਰਲੀਮੈਂਟ ਜਾਂਦੇ ਕਦੋਂ ਸਨ ਜੋ ਅੱਜ ਅਸਤੀਫੇ ਦਾ ਢੌਂਗ ਕਰ ਰਹੇ ਹਨ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਦੇ ਅਸਤੀਫੇ ਨੂੰ ਨੋਟੰਕੀ ਦੱਸਦੇ ਹੋਏ ਪੁਛਿਆ ਕੀ ਕਾਂਗਰਸ ਦੇ ਬਾਕੀ ਮੈਂਬਰ ਪਾਰਲੀਮੈਂਟ ਅਤੇ ਰਾਜ ਸਭਾ ਮੈਂਬਰ ਅਸਤੀਫੇ ਦੇਣਗੇ। ਉਨਾਂ ਭਾਜਪਾ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨ ਦੀ ਚੁਣੌਤੀ ਦਿੱਤੀ।
ਇਸ ਮੌਕੇ ਸੰਜੇ ਸਿੰਘ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਕਪੂਰੀ ਵਿਚ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਵਿਰੁੱਧ ਅਜਿਹੇ ਫੈਸਲੇ ਨੂੰ ਮੋਦੀ ਸਰਕਾਰ ਨਹੀਂ ਬਦਲਦੀ ਕਿਉਕਿ ਸੁਪਰੀਮ ਕੋਰਟ ਨੇ ਆਪਣੀ ਜੋ ਰਾਏ ਦਿੱਤੀ ਹੈ ਉਸਨੂੰ ਲਾਗੂ ਕਰਵਾਉਣਾ ਜਾਂ ਨਾ ਕਰਵਾਉਣਾ ਨਰਿੰਦਰ ਮੋਦੀ ਸਰਕਾਰ ਦੀ ਜਿੰਮੇਵਾਰੀ ਹੈ। ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਾਰਲੀਮੈਂਟ ਵਿਚ ਵੀ ਇਸ ਫੈਸਲੇ ਵਿਰੁੱਧ ਮਤਾ ਲੈ ਕੇ ਆਵੇ। ਇਸ ਮੌਕੇ ਕੰਵਰ ਸੰਧੂ ਨੇ ਸ਼ੰਕਾ ਪ੍ਰਗਟ ਕੀਤਾ ਕਿ ਇਸ ਫੈਸਲੇ ਦੀ ਆੜ ਵਿਚ ਪੰਜਾਬ ਦੀਆਂ ਚੋਣਾਂ ਨੂੰ ਵੀ ਅੱਗੇ ਪਾਉਣ ਦੀ ਸਾਜਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਕਿ ਕਾਂਗਰਸੀ ਅਤੇ ਅਕਾਲੀ ਦਲ ਬੁਰੀ ਤਰਾਂ ਹਾਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਸਰਕਾਰ ਤੈਅ ਹੈ।