ਚੰਡੀਗੜ/ਕਪੂਰੀ (ਪਟਿਆਲਾ), 12 ਨਵੰਬਰ, 2016 : ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਲੈ ਕੇ ਕਪੂਰੀ ਵਿਖੇ ਆਮ ਆਦਮੀ ਪਾਰਟੀ ਆਪ ਵੱਲੋਂ ਅਣਮਿੱਥੇ ਸਮੇਂ ਲਈ ਲਗਾਇਆ ਗਿਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਪਾਰਟੀ ਆਗੂਆਂ ਨੇ ਦੋਸ਼ ਲਗਾਇਆ ਕਿ ਐਸਵਾਈਐਲ ਦੇ ਮੁੱਦੇ ਉਤੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਆਪ ਆਗੂਆਂ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਚਿੱਠੀ ਲਿਖਣ ਦੀ ਬਜਾਏ ਮੁੱਖ ਮੰਤਰੀ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਰਾਸ਼ਟਰਪਤੀ ਵੱਲੋਂ ਮੰਤਰੀਆਂ ਦੀ ਸਲਾਹ ਨਾਲ ਹੀ ਕੰਮਕਾਜ ਕੀਤਾ ਜਾਂਦਾ ਹੈ।
ਉਨਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਬਾਦਲ ਸਖਤੀ ਨਾਲ ਇਹ ਮੁੱਦਾ ਪ੍ਰਧਾਨ ਮੰਤਰੀ ਕੋਲ ਚੁੱਕਣ ਅਤੇ ਪੰਜਾਬ ਵਿੱਚ ਪਾਣੀਆਂ ਦੀ ਜਮੀਨੀ ਹਕੀਕਤ ਬਾਰੇ ਜਾਣੂ ਕਰਵਾਉਣ ਤੋਂ ਕਿਓਂ ਝਿਜਕ ਰਹੇ ਹਨ.
ਇਸ ਮੌਕੇ ਆਮ ਆਦਮੀ ਪਾਰਟੀ ਦੇ ਪਟਿਆਲਾ ਜੋਨ ਦੇ ਇੰਚਾਰਜ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਐਨਡੀਏ ਵਿੱਚ ਪੁਰਾਣਾ ਭਾਈਵਾਲ ਹੈ ਅਤੇ ਜੇਕਰ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਤੋਂ ਨਿਆਂ ਪ੍ਰਾਪਤ ਕਰਨ ਵਿੱਚ ਉਹ ਅਸਫਲ ਰਹਿੰਦੇ ਹਨ, ਤਾਂ ਕੀ ਵਜਾ ਹੈ ਕਿ ਉਨਾਂ ਨੂੰ ਐਨਡੀਏ ਦੇ ਨਾਲ ਚੱਲਣਾ ਪੈ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਆਗੂ ਗੁਲਸ਼ਨ ਛਾਬੜਾ ਨੇ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਾਣੀਆਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਉਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਉਤੇ ਰਹਿਣ ਦਾ ਕੋਈ ਹੱਕ ਨਹੀਂ ਅਤੇ ਉਨਾਂ ਨੂੰ ਬਿਨਾਂ ਕੋਈ ਦੇਰੀ ਕੀਤਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਛਾਬੜਾ ਨੇ ਕਿਹਾ ਕਿ ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਹਰਿਆਣਾ ਦੇ 40 ਵਕੀਲਾਂ ਦੇ ਪੈਨਲ ਦੇ ਖਿਲਾਫ ਪੰਜਾਬ ਵੱਲੋਂ ਸਿਰਫ ਇੱਕ ਵਕੀਲ ਨੇ ਇਹ ਕੇਸ ਲੜਿਆ, ਜਿਸ ਤੋਂ ਪੰਜਾਬ ਸਰਕਾਰ ਦਾ ਗੈਰ-ਜਿੰਮਵਾਰੀ ਵਾਲਾ ਰਵੱਈਆ ਸਾਫ ਝਲਕਦਾ ਹੈ। ਉਨਾਂ ਕਿਹਾ ਕਿ ਬਾਦਲਾਂ ਨੇ ਅਦਾਲਤ ਵਿੱਚ ਪੰਜਾਬ ਦੇ ਪੱਖ ਨੂੰ ਕਮਜੋਰ ਕੀਤਾ ਹੈ।
ਉਨਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਬਾਦਲ ਸਪਸ਼ਟ ਕਰਨ ਕਿ ਉਨਾਂ ਨੇ ਸੁਪਰੀਮ ਕੋਰਟ ਵਿੱਚ ਕੇਸ ਲੜਨ ਲਈ ਦੇਸ਼ ਦੇ ਚੋਟੀ ਦੇ ਵਕੀਲਾਂ ਦੀਆਂ ਸੇਵਾਵਾਂ ਕਿਓਂ ਨਹੀਂ ਲਈਆਂ।
ਇਸ ਦੌਰਾਨ ਆਪ ਆਗੂਆਂ ਨੇ ਕਾਂਗਰਸ ਉਤੇ ਦੋਗਲੀ ਨੀਤੀ ਅਖਤਿਆਰ ਕਰਨ ਦਾ ਦੋਸ਼ ਲਗਾਇਆ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਮੋਰਚੇ ਵਿੱਚ ਬੈਠੇ ਹਨ, ਜਦਕਿ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਜੋ ਕਿ ਪੰਜਾਬ ਦੇ ਹਿੱਤਾਂ ਦੇ ਖਿਲਾਫ ਆਇਆ ਹੈ।
ਆਪ ਆਗੂਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਇਸ ਮੁੱਦੇ ਉਤੇ ਪਾਰਟੀ ਦੇ ਕੌਮੀ ਆਗੂਆਂ ਦਾ ਰੁਖ ਸਪਸ਼ਟ ਕਰਨ। ਨਾਲ ਹੀ ਉਨਾਂ ਇਹ ਵੀ ਪੁੱਛਿਆ ਕਿ ਰਾਹੁਲ ਗਾਂਧੀ ਐਸਵਾਈਐਲ ਮੁੱਦੇ ਉਤੇ ਪੰਜਾਬ ਦੇ ਨਾਲ ਹਨ, ਜਾਂ ਹਰਿਆਣਾ ਦੇ ਨਾਲ।
ਇਸ ਮੌਕੇ ਕਈ ਹੋਰ ਅਹਿਮ ਆਗੂ ਵੀ ਮੌਜੂਦ ਸਨ, ਜਿਨਾਂ ਵਿੱਚ ਅਨੁ ਰੰਧਾਵਾ, ਜਗਤਾਰ ਸਿੰਘ ਰਾਜਲਾ, ਦੇਵ ਮਾਨ ਅਤੇ ਹਰਚੰਦ ਸਿੰਘ ਬਰਸਟ ਸ਼ਾਮਿਲ ਸਨ।