ਚੰਡੀਗੜ੍ਹ, 29 ਨਵੰਬਰ, 2016 : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਦੀ ਦੇ ਪਾਣੀਆਂ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਖਲ ਦੇਣ ਦੀ ਮੰਗ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੰਵਿਧਾਨ ਮੁਤਾਬਿਕ ਰਾਸ਼ਟਰਪਤੀ ਮੰਤਰੀਆਂ ਦੇ ਸਮੂਹ ਦੇ ਸੁਝਾਅ ਉਪਰ ਕੰਮ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਗੰਭੀਰ ਮੁੱਦੇ 'ਤੇ ਰਾਸ਼ਟਰਪਤੀ ਨੂੰ ਸੁਝਾਅ ਦੇ ਸਕਦੇ ਹਨ ਅਤੇ ਰਾਸ਼ਟਰਪਤੀ ਸਧਾਰਨ ਹਾਲਾਤਾਂ 'ਚ ਉਨ੍ਹਾਂ ਦਾ ਸੁਝਾਅ ਮੰਨਣ ਲਈ ਮਜ਼ਬੂਰ ਹਨ।
ਇਸੇ ਤਰ੍ਹਾਂ, ਚੰਨੀ ਨੇ ਬਾਦਲ ਦੀ ਬੀਤੇ ਸਾਲਾ ਦੌਰਾਨ ਸੂਬੇ ਦਾ ਇਕ ਬੂੰਦ ਪਾਣੀ ਵੀ ਪੰਜਾਬ ਤੋਂ ਬਾਹਰ ਨਾ ਜਾਣ ਦੇਣ ਦੀ ਗੱਲ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਨ ਨੂੰ ਲੈ ਕੇ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਨੂੰ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਨਦੀਆ ਦਾ ਲਗਭਗ 75 ਪ੍ਰਤੀਸ਼ਤ ਪਾਣੀ ਪਹਿਲਾਂ ਹੀ ਹਰਿਆਣਾ ਤੇ ਰਾਜਸਥਾਨ 'ਚ ਜਾ ਰਿਹਾ ਹੈ। ਇਸਦੀ ਸ਼ੁਰੂਆਤ ਭਾਖੜਾ ਡੈਮ ਤੋਂ ਹੁੰਦੀ ਹੈ, ਜਿਸਦੇ ਕਮਾਂਡ ਏਰੀਆ 'ਚ ਰਾਜਸਥਾਨ ਵੀ ਸ਼ਾਮਿਲ ਹੈ, ਜਿਹੜਾ 1947 ਤੋਂ ਬਾਅਦ ਇਲਾਕੇ ਦਾ ਪਹਿਲਾ ਪ੍ਰੋਜੈਕਟ ਸੀ। ਇਹ 1955 ਦੀ ਵੰਡ ਤੋਂ ਪਹਿਲਾਂ ਦੀ ਗੱਲ ਹੈ। ਇਹ ਸੱਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ।
ਉਨ੍ਹਾਂ ਨੇ ਨਦੀ ਦੇ ਪਾਣੀਆਂ ਦੇ ਮੁੱਦੇ 'ਤੇ ਬਾਦਲ ਦੀ ਇਮਾਨਦਾਰੀ ਉਪਰ ਸਵਾਲ ਕੀਤਾ ਹੈ, ਜਿਹੜਾ ਅਕਾਲੀ ਦਲ ਵੱਲੋਂ 2007 ਵਿਧਾਨ ਸਭਾ ਚੋਣਾਂ ਦੇ ਮੈਨਿਫੈਸਟੋ 'ਚ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਦੀ ਧਾਰਾ 5 ਨੂੰ ਹਟਾਉਣ ਲਈ ਕੀਤਾ ਗਿਆ ਵਾਅਦਾ ਪੂਰਾ ਕਰਨ 'ਚ ਨਾਕਾਮ ਰਹੇ ਹਨ, ਜਿਸਨੂੰ ਹੁਣ ਸੁਪਰੀਮ ਕੋਰਟ ਵੱਲੋਂ ਪ੍ਰੈਜੀਡੇਂਸ਼ਿਅਲ ਰੈਫਰੇਂਸ 'ਤੇ ਕੱਢ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨੀਜਨਕ ਹੈ ਕਿ ਬੀਤੇ ਦੱਸ ਸਾਲਾ ਦੌਰਾਨ ਸੂਬੇ 'ਚ ਸ਼ਾਸਨ ਵੇਲੇ ਉਕਤ ਵਾਅਦੇ 'ਤੇ ਚੁੱਪ ਰਹਿਣ ਤੋਂ ਬਾਅਦ ਹੁਣ ਇਹ ਘੜਿਆਲੀ ਅੱਥਰੂ ਵਗਾ ਰਹੇ ਹਨ, ਜਿਹੜਾ ਇਨ੍ਹਾਂ ਨੇ 2007 ਮੈਨਿਫੈਸਟੋ 'ਚ ਲੋਕਾਂ ਨਾਲ ਕੀਤਾ ਸੀ।
ਉਨ੍ਹਾਂ ਨੇ ਬਾਦਲ ਨੂੰ ਯਾਦ ਦਿਲਾਇਆ ਕਿ ਪ੍ਰਧਾਨ ਮੰਤਰੀ ਨੇ ਹਾਲੇ 'ਚ ਆਪਣੀ ਬਠਿੰਡਾ ਫੇਰੀ ਵੇਲੇ ਉਕਤ ਮੁੱਦੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਇਸਨੂੰ ਗੱਲਬਾਤ ਨਾਲ ਹੱਲ ਕੀਤਾ ਜਾ ਸਕਦਾ ਹੈ। ਨਿਸ਼ਚਿਤ ਤੌਰ 'ਤੇ ਉਨ੍ਹਾਂ ਦੇ ਦਿਮਾਗ 'ਚ ਕੁਝ ਹੋਵੇਗਾ। ਚੰਨੀ ਨੇ ਕਿਹਾ ਕਿ ਇਸੇ ਬਾਦਲ ਨੂੰ ਇਹ ਮੁੱਦਾ ਮੋਦੀ ਸਾਹਮਣੇ ਚੁੱਕ ਕੇ ਉਨ੍ਹਾਂ ਦੇ ਦਖਲ ਦੀ ਮੰਗ ਕਰਨੀ ਚਾਹੀਦੀ ਹੈ।