ਜਗਰਾਓ, 11 ਦਸੰਬਰ, 2016 : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਸਵਾਈਐਲ ਨਹਿਰ ਦੇ ਮੁੱਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਜਿੰਮੇਵਾਰ ਠਹਿਰਾਇਆ ਹੈ। ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ 1978 ਵਿੱਚ ਐਸਵਾਈਐਲ ਲਈ ਬਾਦਲ ਨੇ ਖੁਦ ਨੋਟੀਫਿਕੇਸ਼ਨ ਜਾਰੀ ਕਰਕੇ ਜਮੀਨ ਐਕਵਾਇਰ ਕੀਤੀ ਅਤੇ ਹੁਣ 2016 ਵਿੱਚ ਇਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਪੰਜਾਬ ਦਾ ਪਾਣੀ ਬਚਾਵਾਂਗੇ ਅਤੇ ਇਸ ਬਾਰੇ ਪ੍ਰਸਤਾਵ ਵੀ ਪਾਸ ਕਰ ਦਿੱਤਾ। ਉਨਾਂ ਬਾਦਲਾਂ ਨੂੰ ਪੁੱਛਿਆ ਕਿ ਕੀ ਉਹ 1978 ਵਿੱਚ ਗਲਤ ਸਨ ਜਾਂ ਹੁਣ ਗਲਤ ਹਨ। ਉਨਾਂ ਕਿਹਾ ਕਿ ਬਾਦਲਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੇਜਰੀਵਾਲ ਨੇ ਕਿਹਾ ਕਿ ਨਹਿਰ ਲਈ ਇਕਰਾਰਨਾਮਾ ਇੰਦਰਾ ਗਾਂਧੀ ਨੇ ਕੀਤਾ ਸੀ ਅਤੇ ਜਦੋਂ 1982 ਵਿੱਚ ਨਹਿਰ ਦਾ ਨੀਂਹ ਪੱਥਰ ਰੱਖਣਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਚਾਂਦੀ ਦੀ ਕਹੀ ਲੈ ਕੇ ਇੰਦਰਾ ਗਾਂਧੀ ਦਾ ਸਵਾਗਤ ਕੀਤਾ ਅਤੇ ਨਹਿਰ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਤਰਾਂ ਪੰਜਾਬ ਕਾਂਗਰਸ ਨੇ ਵੀ ਨਹਿਰ ਬਣਾਉਣ ਨੂੰ ਲੈ ਕੇ ਸਵਾਗਤ ਕੀਤਾ। ਕੇਜਰੀਵਾਲ ਨੇ ਕਿਹਾ ਕਿ ਉਸ ਸਮੇਂ ਬਾਦਲ ਅਤੇ ਕੈਪਟਨ ਮਿਲੇ ਹੋਏ ਸਨ ਤੇ ਹੁਣ ਵੀ ਮਿਲੇ ਹੋਏ ਹਨ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਐਸਵਾਈਐਲ ਨੂੰ ਲੈ ਕੇ ਅਸਤੀਫਿਆਂ ਦਾ ਪਾਖੰਡ ਕਰ ਰਹੇ ਹਨ।
ਕੇਜਰੀਵਾਲ ਨੇ ਕਿਹਾ ਬਾਦਲ ਅਤੇ ਕੈਪਟਨ ਦੋਵੇਂ ਮਿਲ ਕੇ ਐਸਵਾਈਐਲ ਦੇ ਪਾਣੀ ਉਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨਾਂ ਕਿਹਾ ਕਿ ਇਸ ਸਮੇਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ, ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਸਰਕਾਰ ਹੈ ਅਤੇ ਹਰਿਆਣਾ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਪਰ ਪੰਜਾਬ ਵਿੱਚ ਉਨਾਂ ਦੀ ਬੋਲੀ ਹੋਰ, ਹਰਿਆਣਾ ਵਿੱਚ ਹੋਰ ਅਤੇ ਕੇਂਦਰ ਵਿੱਚ ਹੋਰ ਹੈ। ਕੇਜਰੀਵਾਲ ਨੇ ਕਿਹਾ ਕਿ ਤਿੰਨੋ ਥਾਵਾਂ ਉਤੇ ਭਾਜਪਾ ਦੀ ਸਰਕਾਰ ਹੋਣ ਕਾਰਨ ਮਾਮਲਾ ਚੁਟਕੀਆਂ ਵਿੱਚ ਨਿਪਟਾਇਆ ਜਾ ਸਕਦਾ ਹੈ। ਪਰ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਇਸ ਮਸਲੇ ਦਾ ਹੱਲ ਨਹੀਂ ਕੱਢਣਾ ਚਾਹੁੰਦੇ, ਕਿਉਂਕਿ ਉਹ ਇਸ ਉਤੇ ਸਿਰਫ ਸਿਆਸਤ ਕਰਨਾ ਚਾਹੁੰਦੇ ਹਨ।
ਅਰਵਿੰਦ ਕੇਜਰੀਵਾਲ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਸਕਦੀ ਹੈ। ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਹੱਕਾਂ ਉਤੇ ਡਾਕਾ ਨਹੀਂ ਪੈਣ ਦੇਣਗੇ। ਉਨਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਈ ਪੱਧਰ ਉਤੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਸਿਆਸੀ ਪੱਧਰ ਉਤੇ ਕੋਸ਼ਿਸ਼ਾਂ ਕਰਨ ਦੇ ਨਾਲ-ਨਾਲ ਕਾਨੂੰਨੀ ਅਤੇ ਪ੍ਰਸਾਸ਼ਨਿਕ ਪੱਧਰ ਉਤੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਤਾਂ ਹੀ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਜੇਕਰ ਪੰਜਾਬ ਕੋਲ ਵਾਧੂ ਪਾਣੀ ਹੈ ਹੀ ਨਹੀਂ ਤਾਂ ਹੋਰਨਾਂ ਸੂਬਿਆਂ ਨੂੰ ਪਾਣੀ ਦੇਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮੌਕੇ ਉਨਾਂ ਨਾਲ ਸੀਨੀਅਰ ਆਗੂ ਐਚਐਸ ਫੂਲਕਾ, ਧਰਮਕੋਟ ਤੋਂ ਉਮੀਦਵਾਰ ਦਲਜੀਤ ਸਿੰਘ ਸਧਰਪੁਰਾ, ਬਾਘਾਪੁਰਾਣਾ ਤੋਂ ਕੈਪਟਨ ਜੀਐਸ ਕੰਗ ਅਤੇ ਜਗਰਾਓ ਤੋਂ ਉਮੀਦਵਾਰ ਸਰਬਜੀਤ ਕੌਰ ਮਾਣੂਕੇ ਵੀ ਹਾਜਰ ਸਨ।