ਜਲਾਲਾਬਾਦ, 13 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਗੱਲ ਹੁਣ ਸਪੱਸ਼ਟ ਹੋ ਗਈ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਹਰਿਆਣਾ ਅਤੇ ਦਿੱਲੀ ਲੈ ਕੇ ਜਾਣ ਵਾਸਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ।
ਘੁਬਾਇਆ ਦੀ ਅਨਾਜ ਮੰਡੀ ਅਤੇ ਨੇੜਲੇ ਪਿੰਡਾਂ ਵਿਚ ਚੋਣ ਰੈਲੀਆਂ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੇਜਰੀਵਾਲ ਨੇ ਭਗਵੰਤ ਮਾਨ ਸਮੇਤ ਆਪ ਦੀ ਪੰਜਾਬ ਲੀਡਰਸ਼ਿਪ ਨੂੰ ਬਲੀ ਦਾ ਬੱਕਰਾ ਬਣਾਇਆ ਹੈ, ਉਸ ਤੋਂ ਉਸ ਦੇ ਇਰਾਦੇ ਸਾਫ ਝਲਕਦੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਅਜਿਹੀ ਵਿਉਂਤ ਘੜੀ ਹੈ ਜਿਸ ਨਾਲ ਆਪ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਚੋਣਾਂ ਵਿਚ ਖਾਤਮਾ ਹੋ ਜਾਵੇਗਾ। ਉਸ ਨੂੰ ਆਸ ਹੈ ਕਿ ਅਜਿਹਾ ਕਰਕੇ ਉਹਦੇ ਲਈ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਦਾ ਰਾਹ ਖੁੱਲ੍ਹ ਜਾਵੇਗਾ। ਪਰ ਉਹ ਨਹੀਂ ਜਾਣਦਾ ਕਿ ਉਸ ਦਾ ਅਤੇ ਆਪ ਦਾ ਪੰਜਾਬ ਵਿਚ ਭਾਂਡਾ ਫੁੱਟ ਚੁਕਿਆ ਹੈ ਅਤੇ ਉਸ ਦੀ ਪਾਰਟੀ ਨੂੰ 10 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ।
ਸ਼ ਬਾਦਲ ਨੇ ਕਿਹਾ ਕਿ ਜਿੱਥੋਂ ਤਕ ਭਗਵੰਤ ਮਾਨ ਦਾ ਸੰਬੰਧ ਹੈ, ਉਸ ਨੂੰ ਸਿਰਫ ਚੁਟਕਲੇ ਸੁਣਾਉਣ ਵਿਚ ਹੀ ਮੁਹਾਰਿਤ ਹੈ। ਉਹ ਤਾਂ ਇਹ ਵੀ ਨਹੀਂ ਜਾਣਦਾ ਕਿ ਕਿਹੜਾ ਪਿੰਡ ਕਿੱਥੇ ਹੈ? ਚੋਣਾਂ ਮਗਰੋਂ ਉਸ ਨੇ ਕਦੇ ਇਸ ਇਲਾਕੇ ਵਿਚ ਪੈਰ ਵੀ ਨਹੀਂ ਧਰਨਾ। ਉਹ ਕੋਈ ਵਿਕਾਸ ਨਹੀਂ ਕਰਵਾ ਸਕਦਾ। ਉਸ ਦਾ ਇੱਕੋ ਇੱਕ ਮਕਸਦ ਤੁਹਾਡੀ ਸਰਕਾਰ ਨੂੰ ਹਰਾਉਣਾ ਹੈ।
ਕਾਂਗਰਸ ਬਾਰੇ ਗੱਲਬਾਤ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਇਸ ਪਾਰਟੀ ਦੀ ਇੰਨੀ ਮਾੜੀ ਹਾਲਤ ਹੈ ਕਿ ਇਹ ਅਜੇ ਤੱਕ ਇਸ ਹਲਕੇ ਤੋਂ ਉਮੀਦਵਾਰ ਵੀ ਨਹੀਂ ਐਲਾਨ ਸਕੀ। ਇਸ ਦਾ ਕਾਰਣ ਇਹ ਹੈ ਕਿ ਕਾਂਗਰਸ ਨੂੰ ਦਿੱਲੀ ਤੋਂ ਰਿਮੋਟ ਨਾਲ ਚਲਾਇਆ ਜਾਂਦਾ ਹੈ। ਕਾਂਗਰਸ ਪ੍ਰਧਾਨ ਕੋਲ ਕੋਈ ਤਾਕਤ ਨਹੀਂ ਹੈ। ਉਹਨਾਂ ਲੋਕਾਂ ਨੂੰ ਪੁੱਛਿਆ ਕਿ ਕੀ ਕਾਂਗਰਸ ਦੇ ਕਾਰਜਕਾਲ ਦੌਰਾਨ ਇਸ ਹਲਕੇ ਦਾ ਕੋਈ ਵਿਕਾਸ ਹੋਇਆ ਸੀ। ਉਹਨਾਂ ਕਿਹਾ ਕਿ ਮੈਂ ਇਸ ਸਾਰੇ ਇਲਾਕੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕੀਤਾ ਹੈ।
ਸ਼ ਬਾਦਲ ਨੇ ਕਿਹਾ ਕਿ ਜਲਾਲਾਬਾਦ ਪ੍ਰਤੀ ਮੇਰੀ ਵਚਨਬੱਧਤਾ ਇੱਕ ਚੱਟਾਨ ਵਾਂਗ ਮਜ਼ਬੂਤ ਹੈ। ਮੈਂ ਤੁਹਾਡੇ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ, ਇਹ ਚਾਹੇ ਕੁੜੀਆਂ ਲਈ ਵੱਖਰਾ ਸਕੂਲ ਅਤੇ ਕਾਲਜ ਬਣਾਉਣ ਦੀ ਗੱਲ ਹੋਵੇ ਜਾਂ 500 ਕਰੋੜ ਖਰਚ ਕੇ ਪਿੰਡਾਂ ਵਿਚ ਗਲੀਆਂ ਪੱਕੀਆਂ ਕਰਵਾਉਣ ਦਾ ਮਸਲਾ ਜਾਂ 35 ਕਰੋੜ ਖਰਚ ਕੇ ਹਸਪਤਾਲ ਅੰਦਰ ਸਾਰੀਆਂ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਉਣਾ ਹੋਵੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਹਨਾਂ ਨੇ ਸਾਰੇ ਯੋਗ ਪਰਿਵਾਰਾਂ ਦੇ ਨੀਲੇ ਕਾਰਡ ਬਣਵਾਏ ਹਨ, ਉਹਨਾਂ ਨੂੰ ਸਮਾਜਿਕ ਭਲਾਈ ਦੀਆਂ ਸਹੂਲਤਾਂ ਅਤੇ ਇੱਥੋਂ ਤੱਕ ਕਿ ਗੈਸ ਸਿਲੰਡਰ ਵੀ ਮੁਹੱਈਆ ਕਰਵਾਏ ਹਨ।
ਸ਼ ਬਾਦਲ ਨੇ ਕਿਹਾ ਕਿ ਉਹਨਾਂ ਕੋਲ ਇਸ ਹਲਕੇ ਦੇ ਵਿਕਾਸ ਲਈ ਹੋਰ ਵੀ ਵੱਡੀਆਂ ਯੋਜਨਾਵਾਂ ਹਨ। ਉਹ ਹਲਕੇ ਦੇ ਸਾਰੇ ਬੇਘਰ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਣਗੇ। ਉਹ ਹਲਕੇ ਦੇ ਹਰ ਪਿੰਡ ਵਿਚ ਨੌਜਵਾਨਾਂ ਲਈ ਛੋਟੇ ਸਟੇਡੀਅਮ ਬਣਵਾਉਣਗੇ।
ਇਸ ਮੌਕੇ ਉਪ ਮੁੱਖ ਮੰਤਰੀ ਦੁਆਰਾ ਕੀਤੇ ਪ੍ਰੋਗਰਾਮਾਂ ਵਿਚ ਦਾਣਾ ਮੰਡੀ ਘੁਬਾਇਆ ਦੇ ਸਰਪੰਚ ਸਤਪਾਲ ਸਿੰਘ, ਲਾਮੋਚਰ ਕਲਾਂ ਪਿੰਡ ਦੇ ਰਨਵਿੰਦਰ ਸਿੰਘ ਖੱਪੂ ਰਾਮੂ ਵਾਲਾ, ਵਿਸ਼ੂ ਕੰਬੋਜ਼ ਅਤੇ ਹਰਭਜਨ ਕੰਬੋਜ, ਪਿੰਡ ਟਿਵਾਣਾ ਕਲਾਂ ਦੇ ਯਾਦਵਿੰਦਰ ਸਿੰਘ ਯਾਦੂ ਅਤੇ ਜਗਵੰਤ ਸੰਧੂ, ਪਿੰਡ ਫੱਤੂ ਵਾਲਾ ਦੇ ਚੇਅਰਮੈਨ ਭੂਰ ਸਿੰਘ ਅਤੇ ਗੁਰਪ੍ਰੀਤ ਸਿੰਘ ਬਨਾਂਵਾਲਾ ਅਤੇ ਦਾਂਡੀ ਕਲਾਂ ਪਿੰਡ ਦੇ ਰਮਨਦੀਪ ਭਰੋਵਾਲ ਅਤੇ ਬਲਵਿੰਦਰ ਸਿੰਘ ਵੀ ਹਾਜ਼ਰ ਸਨ।