ਚੰਡੀਗੜ੍ਹ, 8 ਅਗਸਤ, 2017 : ਮਾਨਸਾ ਜਿਲ੍ਹੇ ਦੇ ਬਰੇਟਾ ਦੇ ਪਿੰਡ ਰੰਘੜਿਆਲ ਵਿਖੇ ਕਿਸਾਨ ਵੱਲੋਂ ਕਰਜ਼ੇ ਕਾਰਨ ਮਾਨਸਿਕ ਤੌਰ ‘ਤੇ ਪੇ੍ਰਸ਼ਾਨੀ ਦੇ ਚਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਮਿ੍ਤਕ ਹਰਪ੍ਰੀਤ ਸਿੰਘ (30) ਪੁੱਤਰ ਤੇਜਾ ਸਿੰਘ ਕੋਲ 3 ਏਕੜ ਜ਼ਮੀਨ ਸੀ। ਉਸ ‘ਚੋਂ ਇਕ ਏਕੜ ਜ਼ਮੀਨ 2 ਲੱਖ ਰੁਪਏ ਵਿਚ ਗਹਿਣੇ ਪਈ ਹੈ। ਜ਼ਮੀਨ ਵਿਚ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਹ ਫ਼ਸਲ ਬੀਜਣ ਤੋਂ ਅਸਮਰਥ ਸੀ ਅਤੇ ਪਰਿਵਾਰ ਸਿਰ ਹੋਰ ਵੀ ਕਰਜ਼ਾ ਦੱਸਿਆ ਗਿਆ ਹੈ। ਮਿ੍ਤਕ ਕਿਸਾਨ ਨੇ ਪੇ੍ਰਸ਼ਾਨੀ ਦੇ ਚਲਦਿਆਂ ਖੇਤ ਵਿਚ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਵਿੱਤੀ ਮਦਦ ਦੀ ਮੰਗ ਕੀਤੀ ਗਈ ਹੈ।
ਦੂਜੀ ਘਟਨਾ ਵਿੱਚ ਤਹਿਸੀਲ ਅਜਨਾਲਾ ਦੇ ਪਿੰਡ ਦਿਆਲਪੁਰਾ ਦੇ ਵਾਸੀ ਇਕ ਕਿਸਾਨ ਨੇ ਕਰਜ਼ੇ ਤੇ ਗਰੀਬੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮਿ੍ਤਕ ਕਿਸਾਨ ਜੱਜ ਸਿੰਘ (50) ਪੁੱਤਰ ਜੋਗਿੰਦਰ ਸਿੰਘ ਵਾਸੀ ਦਿਆਲਪੁਰਾ ਦੇ ਭਰਾ ਕਰਨੈਲ ਸਿੰਘ, ਨੰਬਰਦਾਰ ਜਸਬੀਰ ਸਿੰਘ ਦਿਆਲਪੁਰਾ, ਸਰਪੰਚ ਧਰਮਿੰਦਰ ਸਿੰਘ ਲਾਡਾ ਨਾਸਰ ਨੇ ਦੱਸਿਆ ਕਿ ਜੱਜ ਸਿੰਘ ਦੀ ਆਰਥਿਕ ਹਾਲਤ ਬਹੁਤ ਹੀ ਮਾੜੇ ਸਨ। ਉਨ੍ਹਾਂ ਦੱਸਿਆ ਕਿ ਜੱਜ ਸਿੰਘ ਉੱਪਰ ਢਾਈ ਲੱਖ ਦੇ ਕਰੀਬ ਕਰਜ਼ਾ ਸੀ, ਜ਼ਮੀਨ ਘੱਟ ਹੋਣ ਕਾਰਨ ਕਰਜ਼ਾ ਮੋੜਨ ਤੋਂ ਅਸਮਰਥ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਰਨ ਅੱਜ ਖੇਤਾਂ ‘ਚੋਂ ਉਸ ਦੀ ਮਿ੍ਤਕ ਦੇਹ ਮਿਲੀ ਤੇ ਉਸ ਕੋਲੋਂ ਕਿਸੇ ਜ਼ਹਿਰੀਲੀ ਦਵਾਈ ਦੀ ਬਦਬੂ ਆ ਰਹੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਸ ਘਟਨਾ ਸਬੰਧੀ ਸਬੰਧਿਤ ਪੁਲਿਸ ਚੌਕੀ ਗੱਗੋਮਾਹਲ ਤੇ ਥਾਣਾ ਰਮਦਾਸ ਵਿਖੇ ਲਿਖਤ ਸੂਚਨਾ ਦੇ ਕੇ ਆਏ ਹਨ ਪ੍ਰੰਤੂ ਦੇਰ ਸ਼ਾਮ ਤੱਕ ਪੁਲਿਸ ਨਾ ਤਾਂ ਮੌਕੇ ‘ਤੇ ਪੁੱਜੀ ਅਤੇ ਨਾ ਹੀ ਕੋਈ ਕਾਰਵਾਈ ਅਰੰਭ ਕੀਤੀ ਗਈ।
abp ਸਾਂਝਾ ਤੋਂ ਧੰਨਵਾਦ ਸਹਿਤ