ਚੀਫ਼ ਖਾਲਸਾ ਦੀਵਾਨ ਦੇ ਬਰਖਾਸਤ ਹੋਏ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਸਿੰਘ ਸਾਹਿਬਾਨ ਨੇ 23 ਜਨਵਰੀ ਨੂੰ ਅਕਾਲ ਤਖ਼ਤ 'ਤੇ ਤਲਬ ਕੀਤਾ ਹੈ। ਚੱਢੇ ਦੀ ਵਾਇਰਲ ਹੋਈ ਵੀਡੀਓ ਦੀ ਸਚਾਈ ਭਾਵੇਂ ਕੁਝ ਵੀ ਹੋਵੇ ਪਰ ਦੇਖਣ-ਸੁਣਨ ਵਾਲੇ ਲੱਗਭੱਗ ਸਾਰੇ ਲੋਕ ਇਹਨੂੰ ਸੱਚੀ ਮੰਨ ਕੇ ਸਿੱਖੀ ਦੇ ਨੁਕਤਾ-ਏ-ਨਿਗਾਹ ਤੋਂ ਚੱਢੇ ਨੂੰ ਕਸੂਰਵਾਰ ਆਖ ਰਹੇ ਨੇ। ਇਸੇ ਕਸੂਰ ਬਦਲੇ ਚੱਢੇ ਨੂੰ ਅਕਾਲ ਤਖਤ 'ਤੇ ਤਬਲ ਕੀਤਾ ਗਿਆ ਹੈ। ਚੀਫ ਖਾਲਸਾ ਦੀਵਾਨ ਚੱਢੇ ਨੂੰ ਬਿਨ੍ਹਾਂ ਕਿਸੇ ਤਲਬੀ ਤੋਂ ਹੀ ਅਹੁਦਿਓਂ ਬਦਰ ਕਰ ਦਿੱਤਾ ਹੈ ਅਤੇ ਓਹਦੀ ਦੀਵਾਨ ਦੀ ਮੈਂਬਰੀ ਖੋਹਣ ਵਾਸਤੇ ਕਾਨੂੰਨੀ ਅਮਲ ਵੀ ਸ਼ੁਰੂ ਕੀਤਾ ਹੋਇਆ ਹੈ।
ਅਕਾਲ ਤਖਤ ਤੋਂ ਚੱਢਾ ਦੀ ਤਲਬੀ ਨੂੰ ਸਿੱਖੀ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹਦਾ ਮਤਲਬ ਬਣਦਾ ਹੈ ਕਿ ਸਿੰਘ ਸਾਹਿਬਾਨ ਚੱਢੇ ਵੱਲੋਂ ਕੀਤੇ ਗੁਨਾਹ ਕਰਕੇ ਬਹੁਤ ਗੁੱਸੇ ਵਿੱਚ ਨੇ ਤੇ ਉਹਨੂੰ ਸਜ਼ਾ ਦੇਣੀ ਚਾਹੁੰਦੇ ਨੇ ਤੇ ਉਹਨੂੰ ਸਜ਼ਾ ਮਿਲਣੀ ਵੀ ਚਾਹੀਦੀ ਹੈ। ਪਰ ਸਿੰਘ ਸਾਹਿਬਾਨਾਂ ਵੱਲੋਂ ਬੀਤੇ ਵਕਤ 'ਚ ਜਿੰਨੇ ਬੰਦਿਆਂ ਨੂੰ ਸਜਾਵਾਂ ਦਿੱਤੀਆਂ ਨੇ ਤਾਂ ਪਤਾ ਲੱਗਦਾ ਹੈ ਕਿ ਗੁਨਾਹਗਾਰ ਬੰਦਿਆਂ ਨੂੰ ਦਿੱਤੀ ਗਈ ਸਜ਼ਾ ਨੇ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਬਲਕਿ ਉਨ੍ਹਾਂ ਨੂੰ ਗੁਨਾਹ ਦੇ ਮਿਹਣੇ ਤੋਂ ਸੁਰਖਰੂ ਹੀ ਕੀਤਾ ਹੈ। ਇਹਦੀ ਤਾਜ਼ਾ ਮਿਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਹੈ। ਹਾਲੇ ਕੁਝ ਮਹੀਨੇ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ 29 ਬੰਦਿਆਂ 'ਚ ਸ਼ਾਮਲ ਸੀ ਜਿੰਨਾਂ ਤੇ ਸਰਸੇ ਵਾਲੇ ਸੌਦਾ ਸਾਧ ਕੋਲ ਵੋਟਾਂ ਮੰਗਣ ਖਾਤਰ ਜਾਣ ਦਾ ਦੋਸ਼ ਸੀ। ਸਿੰਘ ਸਾਹਿਬਾਨ ਨੇ ਇਨ੍ਹਾਂ ਉਣੱਤੀਆਂ ਨੂੰ ਜੋੜੇ ਝਾੜਣ ਤੇ ਭਾਂਡੇ ਮਾਂਜਣ ਦੀ ਸਜਾ ਸੁਣਾਈ ਸੀ। ਇਹ 'ਸਜ਼ਾ' ਭੁਗਤਣ ਤੋਂ ਬਾਅਦ ਉਨ੍ਹਾਂ ਨੂੰ ਕੀਤੇ ਗੁਨਾਹ ਤੋਂ ਮੁਕਤੀ ਦੇ ਦਿੱਤੀ ਗਈ। ਹਾਲਾਂਕਿ ਕਿਸੇ ਨੇ ਵੀ ਆਪਦਾ ਗੁਨਾਹ ਤਸਲੀਮ ਨਹੀਂ ਕੀਤਾ। ਹਾਲਾਂਕਿ ਕਸੂਰਵਾਰ ਵੱਲੋਂ ਆਪਦਾ ਗੁਨਾਹ ਤਸਲੀਮ ਕਰਨਾ ਮੁਆਫੀ ਦੀ ਪਹਿਲੀ ਸ਼ਰਤ ਹੁੰਦਾ ਹੈ। ਨਵੰਬਰ 2017 ਵਿੱਚ ਜਦੋਂ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਤਾਂ ਸਿੱਖਾਂ ਨੇ ਇਹ ਆਖ ਕੇ ਉਨ੍ਹਾਂ ਦੀ ਚੋਣ ਤੇ ਉਜਰ ਕੀਤਾ ਕਿ ਗੋਬਿੰਦ ਸਿੰਘ ਨੇ ਸਰਸੇ ਜਾਣ ਦਾ ਗੁਨਾਹ ਕੀਤਾ ਹੈ। ਇਹ ਉਜਰ ਨੂੰ ਇਹ ਕਹਿ ਕੇ ਰੱਦ ਕੀਤਾ ਗਿਆ ਕਿ ਲਉ ਜੀ! ਜਦੋਂ ਉਹ ਸਜਾ ਭੁਗਤ ਕੇ ਸੁਰਖਰੂ ਹੋ ਗਿਆ ਤਾਂ ਹੁਣ ਓਹਦੇ 'ਤੇ ਉਜਰ ਕਾਹਦਾ। ਪਰ ਜੇ ਗੋਬਿੰਦ ਸਿੰਘ ਨੂੰ ਤਖਤ 'ਤੇ ਤਲਬ ਨਾ ਕੀਤਾ ਗਿਆ ਹੁੰਦਾ ਤਾਂ ਓਹਦੇ ਸਿਰ 'ਤੇ ਇਹ ਗੁਨਾਹ ਖੜ੍ਹਾ ਰਹਿਣਾ ਸੀ ਤੇ ਉਹਨੂੰ ਪ੍ਰਧਾਨਗੀ ਮਿਲਣੀ ਔਖੀ ਹੋ ਜਾਣੀ ਸੀ ਤੇ ਇਹੀ ਉਹਨੂੰ ਘੱਟੋ ਘੱਟ ਸਜਾ ਹੋਣੀ ਸੀ। ਏਮੇ ਜਿਮੇ ਹੋਰ ਬਹੁਤ ਸਾਰੀਆਂ ਮਿਸਾਲਾਂ ਨੇ ਜਦੋਂ ਸਿੱਖ ਲੀਡਰਾਂ ਨੂੰ ਭਾਂਡੇ ਮਾਂਜਣ ਦੀ ਸਜਾ ਦੇ ਕੇ ਸਿੰਘ ਸਾਹਿਬਾਨ ਨੇ ਸੰਗਤਾਂ ਤੋਂ ਆਪਦਾ ਗੁੱਸਾ ਇਨ੍ਹਾਂ ਲੀਡਰਾਂ 'ਤੇ ਕੱਢਣ ਦਾ ਅਧਿਕਾਰ ਖੋਹਿਆ। ਇਹਦੀ ਉਘੜਵੀਂ ਮਿਸਾਲ ਸੁਰਜੀਤ ਸਿੰਘ ਬਰਨਾਲਾ ਦੀ ਹੈ। ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਕਰਕੇ ਉਹ ਨੂੰ ਮਾਰਚ 1987 'ਚ ਪੰਥ ਤੋਂ ਛੇਕਿਆ ਗਿਆ ਸੀ। ਜਿਨ੍ਹਾਂ ਚਿਰ ਉਹਦਾ ਸਰਦਾ ਰਿਹਾ ਉਹ ਪੰਥ ਤੋਂ ਬਿਨ੍ਹਾਂ ਸਾਰੀ ਗਿਆ। ਪਰ ਜਦੋਂ ਲੋੜ ਪਈ ਤਾਂ ਸਿੰਘ ਸਾਹਿਬਾਨ ਨੇ ਉਹਨੂੰ ਬਿਨ੍ਹਾਂ ਗੁਨਾਹ ਤਸਲੀਮ ਕਰਾਏ ਭਾਂਡੇ ਮਜਵਾਕੇ ਫਿਰ ਪੰਥਕ ਬਣਾ ਦਿੱਤਾ। ਉਹਤੋਂ ਬਾਅਦ ਉਹ 2 ਵਾਰੀ ਮੈਂਬਰ ਪਾਰਲੀਮੈਂਟ ਬਣ ਕੇ 5 ਸਾਲ ਕੇਂਦਰੀ ਸਰਕਾਰ ਦੀ ਵਜੀਰੀ ਹੰਢਾ ਗਿਆ। ਚਾਹੀਦਾ ਇਹ ਹੈ ਕਿ ਕਿਸੇ ਸਿਆਸਤਦਾਨ ਜਾਂ ਅਹੁਦੇਦਾਰ ਵੱਲੋਂ ਕੋਈ ਵੀ ਸਿੱਖ ਵਿਰੋਧੀ ਕਾਰੇ ਬਦਲੇ ਉਹਨੂੰ ਕੋਈ ਸਜਾ ਦੇਣੀ ਜਾਂ ਮੁਆਫ ਕਰਨ ਦਾ ਕੰਮ ਸਿੱਖ ਸੰਗਤਾਂ 'ਤੇ ਹੀ ਛੱਡ ਦਿੱਤਾ ਜਾਵੇ। ਜੇ ਓਹਨੇ ਮੁਆਫੀ ਮੰਗਣੀ ਹੈ ਤਾਂ ਉਹ ਸਿੱਧੀ ਸਿੱਖ ਸੰਗਤਾਂ ਤੋਂ ਜਨਤਕ ਤੌਰ 'ਤੇ ਮੰਗੇ। ਜੇ ਸੰਗਤਾਂ ਓਹਨੂੰ ਮੁਆਫ ਕਰਨਾ ਚਾਹੁਣ ਤਾਂ ਕਰ ਦੇਣਗੀਆਂ ਭਾਵ ਵੋਟਾਂ ਪਾ ਦੇਣਗੀਆਂ ਨਹੀਂ ਤਾਂ ਨਹੀਂ। ਭਾਂਡੇ ਮਜਵਾਕੇ ਓਹਦੇ ਗੁਨਾਹ ਬਦਲੇ ਸੰਗਤਾਂ ਵੱਲੋਂ ਓਹਦੀ ਅਲੋਚਨਾ ਕਰਨ ਦਾ ਅਧਿਕਾਰ ਖੋਹਣਾ ਗੁਨਾਹਗਾਰ ਨੂੰ ਸਜਾ ਨਹੀਂ ਬਲਕਿ ਇੱਕ ਬਖਸ਼ਿਸ਼ ਹੈ। ਹੁਣ ਚੱਢੇ ਵੱਲੋਂ ਭਾਂਡੇ ਮਾਜਣ ਤੋਂ ਬਾਅਦ ਚੱਢੇ ਨੂੰ ਮੁੜ ਕੇ ਪ੍ਰਧਾਨਗੀ ਨਾ ਮੋੜਨ ਵਾਲੇ ਹੀ ਗੁਨਾਹਗਾਰ ਵੱਜਣਗੇ।