ਜਗਦੀਸ਼ ਥਿੰਦ
ਫਾਜ਼ਿਲਕਾ 14 ਸਤੰਬਰ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਹੁਦੇਦਾਰਾਂ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਸ੍ਰੀ ਅਸ਼ੋਕ ਛਾਬੜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸਰਦਾਰ ਮਨਪ੍ਰੀਤ ਸਿੰਘ ਨੂੰ ਮਿਲਿਆ । ਇਸ ਮੌਕੇ ਗਰੀਬ ਜ਼ਰੂਰਤਮੰਦ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਲਈ 51000 ਰੁਪਏ ਦੀ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ । ਇਸ ਮੌਕੇ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ 28 ਸਤੰਬਰ ਨੂੰ ਕੀਤੇ ਜਾ ਰਹੇ ਭਾਰਤ ਬੰਦ ਸਬੰਧੀ ਅਗਾਊਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਮਿਸਟਾਂ ਦੀਆਂ ਹੱਕੀ ਮੰਗਾਂ ਲਈ ਜ਼ਿਲ੍ਹਾ , ਰਾਜ ਅਤੇ ਰਾਸ਼ਟਰੀ ਪੱਧਰ ਤੇ ਮੰਗ ਪੱਤਰ ਸੌਂਪਣ ਦੇ ਬਾਵਜੂਦ ਜਦੋਂ ਸਰਕਾਰਾਂ ਵੱਲੋਂ ਲੋੜੀਂਦੇ ਕਦਮ ਨਹੀਂ ਚੁੱਕੇ ਗਏ ਤਾਂ ਅਖੀਰ ਨੂੰ ਕੌਮੀ ਪੱਧਰ ਤੇ ਕੈਮਿਸਟਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ । ਦਵਾਈਆਂ ਦੀ ਆਨ - ਲਾਈਨ ਵਿਕਰੀ , ਨਸ਼ੀਲੇ ਪਦਾਰਥਾਂ ਦੇ ਨਾਮ ਤੇ ਬਗੈਰ ਡਰੱਗ ਅਥਾਰਟੀ ਤੋਂ ਕੈਮਿਸਟਾਂ ਨੂੰ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ , ਪਿੰਡ - ਪਿੰਡ ਅਤੇ ਮੁਹੱਲਿਆਂ ਵਿੱਚ ਕਰਿਆਨੇ ਦੀਆਂ ਦੁਕਾਨਾਂ ਉੱਪਰ ਹੋ ਰਹੀ ਦਵਾਈਆਂ ਦੀ ਵਿਕਰੀ ਜਿਹੀਆਂ ਮੰਗਾਂ ਪ੍ਰਤੀ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਪਰ ਬਿਮਾਰ ਲੋਕਾਂ ਦੀ ਸਹਾਇਤਾ ਲਈ ਹਰ ਵਕਤ ਤਿਆਰ ਰਹਿੰਦੇ ਕੈਮਿਸਟਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਸੀ । ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੇ ਕੈਮਿਸਟ ਐਸੋਸੀਏਸ਼ਨ ਵੱਲੋਂ ਸਾਂਝੀ ਰਸੋਈ ਲਈ ਕੀਤੀ ਗਈ ਆਰਥਿਕ ਮਦਦ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਮੌਕੇ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਮੰਗ ਪੱਤਰ ਪ੍ਰਤੀ ਉਨ੍ਹਾਂ ਕਿਹਾ ਕਿ ਉਹ ਯੋਗ ਕਾਰਵਾਈ ਲਈ ਪੰਜਾਬ ਸਰਕਾਰ ਵੱਲੋਂ ਕੈਮਿਸਟਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਸਿਫਾਰਿਸ਼ ਕਰਨਗੇ । ਇਸ ਮੌਕੇ ਜ਼ਿਲ੍ਹਾ ਸੈਕਟਰੀ ਸੰਦੀਪ ਭੁਸਰੀ , ਬਾਲ ਕ੍ਰਿਸ਼ਨ ਕਟਾਰੀਆ ਪ੍ਰਧਾਨ ਫ਼ਾਜ਼ਿਲਕਾ ਕੈਮਿਸਟ ਅੈਸੋਸੀੲੇਸ਼ਨ , ਸੁਭਾਸ਼ ਸੇਠੀ ਸੈਕਟਰੀ , ਰਮਨ ਵਾਟਸ ਵਾਟਸ ਸੈਕਟਰੀ ਜਲਾਲਾਬਾਦ , ਵਿਜੇ ਵਰਮਾ ਮੰਡੀ ਲਾਧੂਕਾ , ਵਿਜੇ ਗੁੰਬਰ ਅਬੋਹਰ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਮੌਜੂਦ ਸਨ ।