ਜਗਦੀਸ਼ ਥਿੰਦ
ਫਾਜ਼ਿਲਕਾ 14 ਸਤੰਬਰ
ਪਸ਼ੂ ਭਲਾਈ ਬੋਰਡ ਦੇ ਕੇਂਦਰੀ ਮੈਂਬਰ ਸ੍ਰੀ ਮੋਹਨ ਸਿੰਘ ਆਹਲੂਵਾਲੀਆ ਨੇ ਦੁੱਧ ਦੇ ਸਹਾਇਕ ਧੰਦੇ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਨਾਲ ਜੁੜੇ ਉਤਪਾਦਕਾਂ ਨੂੰ ਵਿਸ਼ੇਸ਼ ਮਾਨ-ਸਨਮਾਨ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਮਿਲਾਵਟ ਖੋਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਦੇਸ਼ ਵਿੱਚ ਮਿਲਾਵਟ ਖੋਰੀ ਦੂਰ ਅਤੇ ਦੁੱਧ ਉਤਪਾਦਕਾਂ ਨੂੰ ਉਤਸਾਹਿਤ ਕਰਨ ਹਿਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਦੇਸ਼ ਦੇ ਆਜ਼ਾਦੀ ਦਿਹਾੜੇ ਅਤੇ ਗਣਤੰਤਰਤਾ ਦਿਵਸ ਮੌਕੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਦੁੱਧ ਉਤਪਾਦਕਾਂ ਦੀ ਹੌਂਸਲਾ ਅਫਜ਼ਾਈ ਲਈ ਉਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇ।
ਇਸ ਮੌਕੇ ਕੇਂਦਰੀ ਮੈਂਬਰ ਸ੍ਰੀ ਆਹਲੂਵਾਲੀਆ ਨੂੰ ਸੂਬਾ ਸਰਕਾਰ ਦੀ ਤੰਦਰੁਸਤ ਪੰਜਾਬ ਮੁਹਿੰਮ ਸਬੰਧੀ ਜਾਣੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀ ਨਿਰੋਈ ਸਿਹਤ ਲਈ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਪਰਖ ਕਰਨ ਵਾਸਤੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਜਿਥੇ ਉਪਮੰਡਲ ਪੱਧਰ 'ਤੇ ਲੋਕਾਂ ਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਗੁਣਵਤਾਂ ਦੀ ਪਰਖ ਕਰਨ ਲਈ ਵਿਸ਼ੇਸ਼ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਆਉਣ ਵਾਲੇ ਦਿਨਾਂ ਵਿੱਚ ਮਿਲਾਟਵ ਖੋਰੀ ਨੂੰ ਜੜੋ ਖਤਮ ਕਰਨ ਲਈ ਪਿੰਡ ਪੱਧਰ ਤੱਕ ਜਾਗਰੂਕ ਕੀਤਾ ਜਾਵੇਗਾ।
ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਦੀ ਪ੍ਰਸ਼ੰਸਾ ਕਰਦਿਆਂ ਕੇਂਦਰੀ ਮੈਂਬਰ ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਉਹ ਇਸ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਬੇਹੱਦ ਖੁਸ਼ ਹਨ। ਉਨਾ ਕਿਹਾ ਕਿ ਫਾਜ਼ਿਲਕਾ ਮੁਲਕ ਦਾ ਪਹਿਲਾ ਅਜਿਹਾ ਜ਼ਿਲਾ ਹੈ ਜਿਥੇ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਗੁਣਵਤਾ ਦੀ ਪਰਖ ਕਰਨ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਉਹ ਦੁੱਧ ਉਤਪਾਦਕਾ ਦੀ ਹੌਸਲਾ ਅਫਜਾਈ ਅਤੇ ਮਿਲਾਵਟ ਖੋਰੀ ਨੂੰ ਖਤਮ ਕਰਨ ਲਈ ਹੁਣ ਤੱਕ ਮੁਲਕ ਦੇ 15 ਜ਼ਿਲਿਆ ਦਾ ਦੌਰਾ ਕਰ ਚੁੱਕੇ ਹਨ ਪਰ ਜੋ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਗੁਣਵਤਾ ਦੀ ਪਰਖ ਕਰਨ ਤੇ ਇਸ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉਹ ਹੋਰ ਕਿਸੇ ਜ਼ਿਲੇ ਵਿੱਚ ਵੇਖਣ ਲਈ ਨਹੀਂ ਮਿਲੇ।
ਬੈਠਕ ਨੂੰ ਸੰਬੋਧਨ ਕਰਦਿਆਂ ਸ. ਆਹਲੂਵਾਲੀਆ ਨੇ ਕਿਹਾ ਕਿ ਹਰ ਮਨੁੱਖ ਨੂੰ ਪਸ਼ੂਆਂ ਅਤੇ ਇਸ ਦੇ ਪਾਲਕਾਂ ਪ੍ਰਤੀ ਆਪਣੀ ਸੋਚ ਵਿਚ ਤਬਦੀਲੀ ਲਿਆਉਣੀ ਲਾਜ਼ਮੀ ਹੈ। ਉਨਾਂ ਕਿਹਾ ਕਿ ਪਸ਼ੂ-ਪਾਲਣ ਦਾ ਧੰਦਾ ਭਾਵੇਂ ਬਹੁਤਾ ਲਾਹੇਵੰਦ ਨਹੀਂ ਗਿਣਿਆ ਜਾ ਰਿਹਾ ਅਤੇ ਇਸ ਦਾ ਕਾਰਨ ਵੀ ਮਿਲਾਵਟ ਖੋਰੀ ਹੀ ਹੈ। ਉਨਾਂ ਕਿਹਾ ਕਿ ਜਿਥੇ 25 ਸਾਲ ਪਹਿਲਾਂ ਤਿੰਨ ਘਰਾਂ ਪਿਛੇ ਇਕ ਘਰ ਵਿੱਚ ਪਾਲਤੂ ਪਸ਼ੂ ਜਰੂਰ ਮਿਲ ਜਾਂਦਾ ਸੀ ਉਥੇ ਹੁਣ ਇਹ ਬਦਕਿਸਮਤੀ ਹੈ ਕਿ ਪੰਜਾਹ ਘਰਾਂ ਪਿਛੇ ਵੀ ਕੋਈ ਪਸ਼ੂ ਨਹੀਂ ਮਿਲਦਾ।
ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਦੁੱਧ ਉਤਪਾਦਕਾਂ ਨੂੰ ਜੋੜਨ ਦੇ ਉਪਰਾਲੇ ਕਰਨ ਦੀ ਅਪੀਲ ਕਰਦਿਆਂ ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਜੋ ਲੋਕ ਪਸ਼ੂ ਪਾਲਕ ਦੇ ਧੰਦੇ ਨਾਲ ਜੁੜੇ ਹੋਏ ਹਨ ਜਾਂ ਜੁੜਨਾ ਚਾਹੁੰਦੇ ਹਨ ਉਨਾਂ ਨੂੰ ਵਿਸ਼ੇਸ਼ ਮਾਨ-ਸਨਮਾਨ ਦਿੱਤਾ ਜਾਵੇ। ਉਨਾ ਕਿਹਾ ਕਿ ਜਿਹੜੇ ਦੁੱਧ ਉਤਪਾਦਕ ਬਿਨਾ ਮਿਲਾਵਟ ਖੋਰੀ ਤੋ ਵਧੀਆ ਕੰਮ ਕਰ ਰਹੇ ਹਨ ਉਨਾਂ ਨੂੰ 26 ਜਨਵਰੀ ਅਤੇ 15 ਅਗਸਤ ਨੂੰ ਹੋਣ ਵਾਲੇ ਵਿਸ਼ੇਸ਼ ਸਮਾਗਮਾਂ ਦੌਰਾਨ ਸਨਮਾਨਿਤ ਕਰਨਾ ਵੀ ਯਕੀਨੀ ਬਣਾਇਆ ਜਾਵੇ। ਇਸ ਨਾਲ ਜਿਥੇ ਦੁੱਧ ਉਤਪਾਦਕਾ ਵਿੱਚ ਖੁਸ਼ੀ ਦੀ ਲਹਿਰ ਪੈਦਾ ਹੋਵੇਗੀ ਉਥੇ ਮਿਲਾਵਟ ਖੋਰੀ ਨੂੰ ਵੀ ਨੱਥ ਪਾਈ ਜਾ ਸਕੇਗੀ।
ਮੀਟਿੰਗ ਦੌਰਾਨ ਕੇਂਦਰੀ ਮੈਂਬਰ ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਮਿਲਾਵਟ ਖੋਰੀ ਕਾਰਨ ਹੀ ਦੁੱਧ ਉਤਪਾਦਕਾਂ ਦੀ ਕਦਰ ਘਟੀ ਹੈ ਤੇ ਉਨਾਂ ਦੀ ਕਦਰ ਵਿੱਚ ਵਾਧਾ ਕਰਨ ਲਈ ਮਿਲਾਵਟ ਖੋਰੀ ਨੂੰ ਖਤਮ ਕਰਨਾ ਲਾਜ਼ਮੀ ਹੋਵੇਗਾ। ਉਨਾਂ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਰੋਜ਼ਾਨਾ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਲਗਾਤਾਰ ਚੈਕਿੰਗ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਇਸੇ ਅਣਗਹਿਲੀ ਕਾਰਨ ਹੀ ਅਸੀਂ ਕੈਂਸਰ ਤੇ ਸ਼ੁਗਰ ਵਰਗੀਆਂ ਬਿਮਾਰੀਆਂ ਨੂੰ ਪੈਦਾ ਕਰ ਲੈਂਦੇ ਹਾਂ। ਉਨਾਂ ਕਿਹਾ ਕਿ ਚੰਗੀ ਸਿਹਤ ਤੇ ਬਿਹਤਰ ਭਵਿੱਖ ਦੀ ਪ੍ਰਾਪਤੀ ਦੁੱਧ ਉਤਪਾਦਕਾ ਦੇ ਹੋਸਲੇ ਵਧਾ ਕੇ ਅਤੇ ਮਿਲਾਟਵ ਖੋਰੀ ਨੂੰ ਖਤਮ ਕਰਕੇ ਹੀ ਹਾਸਲ ਕੀਤੀ ਜਾ ਸਕਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿ) ਸ੍ਰੀ ਸਤੀਸ਼ ਚੰਦਰ, ਐਸ.ਪੀ.ਐਚ. ਸ. ਜਸਵਿੰਦਰ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜਿੰਦਰ ਕੁਮਾਰ ਬਾਂਸਲ, ਸਿਵਲ ਸਰਜਨ ਡਾ. ਹੰਸ ਰਾਜ, ਡੇਅਰੀ ਵਿਕਾਸ ਅਫਸਰ ਸ. ਕਪਲਮੀਤ ਸਿੰਘ ਸੰਧੂ ਤੋਂ ਇਲਾਵਾ ਦੁੱਧ ਉਤਪਾਦਨ ਦੇ ਧੰਦੇ ਨਾਲ ਜੁੜੇ ਕਿਸਾਨ, ਵੱਖ-ਵੱਖ ਗਊਸ਼ਾਲਾਵਾਂ ਦੇ ਨੁਮਾਇੰਦੇ ਅਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।