ਨਵੀਂ ਦਿੱਲੀ, 14 ਸਤੰਬਰ 2018 - ਸੋਸ਼ਲ ਮੀਡੀਆ 'ਤੇ ਇੱਕ ਨੌਜਵਾਨ ਵੱਲ੍ਹੋਂ ਲੜਕੀ ਨਾਲ ਤਸ਼ੱਦਦ ਕਰਨ ਦੀ ਵੀਡੀੳ ਵਾਇਰਲ ਹੋਣ ਮਗਰੋਂ ਸਰਕਾਰ ਐਕਸ਼ਨ 'ਚ ਆ ਗਈ ਹੈ। ਘਟਨਾ ਦਿੱਲੀ ਦੇ ਤਿਲਕ ਨਗਰ ਦੀ ਹੈ ਜਿਥੇ ਲੜਕੀ ਨੂੰ ਕੁੱਟਣ ਵਾਲੇ ਮੁਲਜ਼ਮ ਨੂੰ ਵੀਡੀੳ ਵਾਇਰਲ ਹੋਣ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਸੀ।
ਕੁੱਟਮਾਰ ਕਰਨ ਵਾਲੇ ਮੁਲਜ਼ਮ ਦਾ ਨਾਂ ਰੋਹਿਤ ਤੋਮਰ ਹੈ। ਘਟਨਾ ਤੋਂ ਬਾਅਦ ਰੋਹਿਤ ਫਰਾਰ ਹੋ ਗਿਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਦੇ ਤਿਲਕ ਨਗਰ ਪੁਲਿਸ ਥਾਣੇ ਦੀ ਹੈ, ਪਰ ਦਿੱਲੀ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਇੱਕ ਹੋਰ ਲੜਕੀ ਨੇ ਇਲਜ਼ਾਮ ਲਾਇਆ ਸੀ ਕਿ ਰੋਹਿਤ ਤੋਮਰ ਸਬ ਇੰਸਪੈਕਟਰ ਦਾ ਮੁੰਡਾ ਹੈ ਤੇ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ।
ਉਧਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਪੁਲਿਸ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਵੀਡੀਓ ਬਾਰੇ ਦਿੱਲੀ ਪੁਲਿਸ ਨੂੰ ਕਾਰਵਾਈ ਦੇ ਨਿਰਦੇਸ਼ ਦੇਣ ਦੀ ਜਾਣਕਾਰੀ ਉਨ੍ਹਾਂ ਟਵੀਟ ਜ਼ਰੀਏ ਸਾਂਝੀ ਕੀਤੀ।