ਵਿਆਹ ਕਰਵਾ ਭਗੌੜੇ ਹੋਏ 25 NRI ਲਾੜਿਆਂ ਦੇ ਪਾਸਪੋਰਟ ਹੋਏ ਮਿੱਟੀ
ਏਜੰਸੀ
ਨਵੀਂ ਦਿੱਲੀ, 17 ਨਵੰਬਰ 2018 - ਭਾਰਤ ਸਰਕਾਰ ਇੰਨੀ ਦਿਨੀਂ ਐਨਆਰਆਈ ਲਾੜਿਆਂ ਦੇ ਪਾਸਪੋਰਟ ਰੱਦ ਕਰਨ 'ਚ ਲੱਗੀ ਹੋਈ ਹੈ। ਇਹ ਲਾੜੇ ਉਹ ਨੇ ਜੋ ਭਾਰਤ 'ਚ ਲੜਕੀਆਂ ਨਾਲ ਵਿਆਹ ਕਰਵਾ ਕੇ ਵਿਦੇਸ਼ੀਂ ਉਡਾਰੀਆਂ ਮਾਰ ਗਏ ਤੇ ਹੁਣ ਤੱਕ ਵਾਪਸ ਨਾ ਪਰਤੇ, ਜਿਸ ਕਾਰਨ ਭਾਰਤ ਸਰਕਾਰ ਨੇ 25 ਐਨ.ਆਰ.ਆਈ. ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ।
ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਇੰਨਾਂ 'ਚੋਂ ਅੱਠ ਪਾਸਪੋਰਟ ਰੱਦ ਕਰਨ ਦੀ ਸਿਫਾਰਸ਼ ਮੰਤਰਾਲੇ ਨੇ ਕੀਤੀ ਸੀ ਜਦਕਿ ਬਾਕੀ ਕੇਸਾਂ 'ਚ ਪੁਲਿਸ ਨੇ ਕਾਰਵਾਈ ਦੀ ਮੰਗ ਕੀਤੀ ਸੀ। ਅਧਿਕਾਰੀਆਂ ਨੂੰ ਅਜਿਹਿਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਇਹ ਲਾੜੇ ਆਪਣੀਆਂ ਘਰਵਾਲੀਆਂ ਪ੍ਰਤੀ ਨਿਹਾਇਤ ਬੇਪ੍ਰਵਾਹ ਹਨ ਅਤੇ ਜਿਸ ਕਾਰਨ ਇੰਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਹੈ ਕਿ ਪਾਸਪੋਰਟ ਰੱਦ ਹੋਣ ਮਗਰੋਂ ਪੁਲਿਸ ਕੋਲ ਅਜਿਹੇ ਵਿਅਕਤੀਆਂ ਨੂੰ ਲੁੱਕ ਆਊਟ ਨੋਟਿਸ ਜਾਰੀ ਕਰਨ ਦਾ ਵੀ ਅਧਿਕਾਰ ਹੈ।